ਮੰਡੀਆਂ 'ਚ ਝੋਨਾ ਆਉਣ ਦੀ ਤਿਆਰੀ ,ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਦਾ ਕੰਮ ਠੰਡਾ

By  Shanker Badra October 1st 2018 05:08 PM -- Updated: October 2nd 2018 03:53 PM

ਮੰਡੀਆਂ 'ਚ ਝੋਨਾ ਆਉਣ ਦੀ ਤਿਆਰੀ ,ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਦਾ ਕੰਮ ਠੰਡਾ:ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਫਸਲ ਲਈ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਵੱਲੋਂ ਹਾਲੇ ਤੱਕ ਇਸ ਸਬੰਧੀ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਅਜਿਹਾ ਹੀ ਕੁੱਝ ਬਰਨਾਲਾ ਦੀ ਅਨਾਜ ਮੰਡੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਗੰਦਗੀ ਅਤੇ ਆਵਾਰਾ ਪਸ਼ੂਆਂ ਨੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕਿਸਾਨਾਂ ਦੀ ਫਸਲ ਇੱਕ ਹਫਤੇ ਤੱਕ ਪੱਕ ਕੇ ਮੰਡੀ ਵਿੱਚ ਆਉਣੀ ਸੁਰੂ ਹੋ ਜਾਵੇਗੀ ਪ੍ਰੰਤੂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾਲੇ ਪ੍ਰਬੰਧਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਘੇਸਲ ਵੱਟੀ ਬੈਠਾ ਹੈ।ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਮੰਡੀ ਅੰਦਰ ਹਾਲੇ ਤੱਕ ਸਫਾਈ ਦੇ ਪ੍ਰਬੰਧ ਵੀ ਮੁਕੰਮਲ ਨਹੀਂ ਹੋ ਸਕੇ ਹਨ ਅਤੇ ਬਰਨਾਲਾ ਦੀ ਅਨਾਜ ਮੰਡੀ ਥਾਂ-ਥਾਂ ਤੋਂ ਟੁੱਟ ਚੁੱਕੀ ਹੈ।ਅਨਾਜ ਮੰਡੀ ਵਿੱਚ ਵੱਡੀ ਗਿਣਤੀ ਘੁੰਮ ਰਹੇ ਆਵਾਰਾ ਪਸ਼ੂ ਬਰਨਾਲਾ ਅਨਾਜ ਮੰਡੀ ਨੂੰ ਪਸ਼ੂ ਮੰਡੀ ਦਾ ਭੁਲੇਖਾ ਪਾ ਰਹੇ ਹਨ ਜੋ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਅਗਾਉਂ ਪ੍ਰਬੰਧਾਂ ਦੇ ਦਾਅਵਿਆਂ ਨੂੰ ਝੂਠਲਾ ਰਹੇ ਹਨ। ਜਦੋਂ ਖਰੀਦ ਪ੍ਰਬੰਧਾਂ ਬਾਰੇ ਮੰਡੀ ਬੋਰਡ ਦੇ ਅਧਿਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਮੰਡੀ ਅਫਸਰ ਬਰਨਾਲਾ ਦਾ ਕਹਿਣਾ ਸੀ ਕਿ ਬਰਨਾਲਾ ਜ਼ਿਲ੍ਹੇ ਵਿੱਚ 98 ਖਰੀਦ ਕੇਦਰ ਬਣਾਏ ਗਏ ਹਨ,ਜਿਨ੍ਹਾਂ ਦੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਹਨ।ਉਹਨਾਂ ਦੱਸਿਆ ਕਿ ਬੀਤੇ ਸਮੇਂ ਅੰਦਰ ਹੋਈ ਭਾਰੀ ਬਾਰਿਸ਼ ਕਾਰਨ ਝੋਨੇ ਦੀ ਫਸਲ ਦੀ ਕਟਾਈ 8 ਤੋਂ 10 ਦਿਨ ਹੋਰ ਪੱਛੜਣ ਦੇ ਆਸਾਰ ਹਨ।ਉਹਨਾਂ ਕਿਹਾ ਕਿ ਮੰਡੀ ਅੰਦਰ ਫਿਰਦੇ ਆਵਾਰਾ ਪਸ਼ੂਆਂ ਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੈ ਜਦਕਿ ਮੰਡੀ ਦੇ ਵਿਚਲੇ ਪ੍ਰਬੰਧ ਉਹ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਅਤੇ ਮਾੜੇ ਪ੍ਰਬੰਧਾਂ ਦੇ ਚਲਦੇ ਬਰਨਾਲਾ ਦੇ ਕਿਸਾਨਾਂ ਦੀਆਂ ਮੁਸਕਿਲਾਂ ਵਿੱਚ ਵਾਧਾ ਹੋ ਸਕਦਾ ਹੈ।ਲੋੜ ਹੈ ਅਧਿਕਾਰੀ ਵੱਲੋਂ ਮੰਡੀ ਪ੍ਰਬੰਧਾਂ ਨੂੰ ਪੁਖਤਾ ਕਰਨ ਦੀ ਤਾਂ ਜੋ ਪਹਿਲਾਂ ਹੀ ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਮੰਡੀਆ ਵਿੱਚ ਹੋਰ ਮੁਸਕਿਲਾਂ ਨਾ ਆਉਣ। -PTCNews

Related Post