ਪੰਜਾਬ ਪੁਲਿਸ ਨੇ ਕਰਫਿਊ ਦੌਰਾਨ ਅਨੋਖੇ ਢੰਗ ਨਾਲ ਮਨਾਇਆ ਬੱਚੇ ਦਾ ਜਨਮ ਦਿਨ, ਦਿੱਤਾ ਖ਼ਾਸ ਤੋਹਫਾ

By  Shanker Badra April 18th 2020 01:07 PM

ਪੰਜਾਬ ਪੁਲਿਸ ਨੇ ਕਰਫਿਊ ਦੌਰਾਨ ਅਨੋਖੇ ਢੰਗ ਨਾਲ ਮਨਾਇਆ ਬੱਚੇ ਦਾ ਜਨਮ ਦਿਨ, ਦਿੱਤਾ ਖ਼ਾਸ ਤੋਹਫਾ:ਮਾਨਸਾ : ਪੰਜਾਬ 'ਚ ਕਰਫਿਊ ਦੌਰਾਨ ਪੁਲਿਸ ਦਾ ਨਵਾਂ ਚਿਹਰਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਵਲੋਂ ਬੀਤੇ ਦਿਨੀਂ ਮਾਨਸਾ 'ਚ ਇਕ ਬੱਚੇ ਦਾ ਜਨਮ ਦਿਨ ਬੜੇ ਹੀ ਅਨੋਖੇ ਢੰਗ ਨਾਲ ਮਨਾ ਕੇ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਸੰਬੰਧੀ ਇਕ ਵੀਡੀਓ ਵੀ ਇਨੀਂ ਦਿਨੀਂ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ 'ਚ ਇਕ ਪਰਿਵਾਰ ਨੇ ਪੰਜਾਬ ਪੁਲਿਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਅੱਜ ਉਨ੍ਹਾਂ ਦੇ ਬੱਚੇ ਦਾ ਜਨਮ ਦਿਨ ਹੈ, ਕਰਫਿਊ ਦੇ ਮਾਹੌਲ ਕਾਰਨ ਬੱਚਾ ਕਾਫੀ ਮਾਯੂਸ ਹੈ। ਜਿਸ ਪਿੱਛੋਂ ਸੂਚਨਾ ਮਿਲਦੇ ਸਾਰ ਹੀ ਪੰਜਾਬ ਪੁਲਿਸ ਦੇ ਕੁਝ ਜਵਾਨ ਬੱਚੇ ਦੇ ਘਰ ਕੇਕ ਲੈ ਕੇ ਪਹੁੰਚ ਗਏ। ਇਸ ਦੌਰਾਨ ਨਾ ਸਿਰਫ ਪਰਿਵਾਰ ਨੂੰ ਕੇਕ ਭੇਟ ਕੀਤਾ ਗਿਆ ਸਗੋਂ ਬੱਚੇ ਦੇ ਜਨਮ ਦਿਨ ਦੀਆਂ ਵਧਾਈਆਂ ਸਾਰੇ ਹੀ ਮੁਲਾਜ਼ਮਾਂ ਨੇ ਆਪਣੇ ਕੋਲ ਮੌਜੂਦ ਮਾਈਕ ਵਿਚ "ਹੈਪੀ ਬਰਥਡੇਅ ਟੂ ਯੂ" ਬੋਲ ਕੇ ਦਿੱਤੀਆਂ। ਮਾਨਸਾ ਪੁਲਿਸ ਵੱਲੋਂ ਕਰਫਿਊ ਦੌਰਾਨ ਬੱਚਿਆਂ ਨੂੰ ਖੁਸ਼ ਕਰਨ ਲਈ ਇਕ ਅਨੌਖੀ ਪਹਿਲ ਕੀਤੀ ਗਈ ਹੈ, ਜਿਸ ਦੌਰਾਨ ਜ਼ਿਲੇ ਅੰਦਰ ਜਿਨ੍ਹਾਂ ਵੀ ਬੱਚਿਆਂ ਦਾ ਪਹਿਲਾ ਜਨਮਦਿਨ ਹੈ, ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਵਲੋਂ ਕੇਕ ਅਤੇ ਤੋਹਫੇ ਦਿੱਤੇ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ. ਐਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਾਨਸਾ ਵਾਸੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦੇ ਪਹਿਲੇ ਜਨਮ ਦਿਨ ਮੌਕੇ ਕੇਕ ਉਨ੍ਹਾਂ ਦੇ ਘਰ ਪਹੁੰਚਾ ਕੇ ਜਨਮਦਿਨ ਮਨਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਂ-ਬਾਪ ਲਈ ਬੱਚੇ ਦਾ ਪਹਿਲਾ ਜਨਮ ਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਕਰਫਿਊ ਦੌਰਾਨ ਇਨ੍ਹਾਂ ਬੱਚਿਆਂ ਦੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। -PTCNews

Related Post