ਪੰਜਾਬ ‘ਚ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 13 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

By  Shanker Badra June 3rd 2020 01:19 PM -- Updated: June 3rd 2020 01:21 PM

ਪੰਜਾਬ ‘ਚ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 13 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ:ਚੰਡੀਗੜ੍ਹ : ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਬੁੱਧਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ 13 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮੋਹਾਲੀ ਤੋਂ 5, ਪਟਿਆਲਾ ਤੋਂ 02 , ਬਠਿੰਡਾ ਤੋਂ 2 , ਸ਼ੁਤਰਾਣਾ ਤੋਂ 01 , ਫਤਿਹਗੜ੍ਹ ਸਾਹਿਬ ਤੋਂ 01 , ਸ੍ਰੀ ਮੁਕਤਸਰ ਸਾਹਿਬ ਤੋਂ 02 ਨਵੇਂ ਕੇਸ ਸਾਹਮਣੇ ਆਏ ਹਨ।

ਮੋਹਾਲੀ 'ਚ ਦੋ ਦਿਨ ਸੁੱਖ-ਸ਼ਾਂਤੀ ਰਹਿਣ ਤੋਂ ਬਾਅਦ ਬੁੱਧਵਾਰ ਨੂੰ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 1 ਲਾਲੜੂ, 2 ਬਲਟਾਨਾ ਤੇ 2 ਨੰਗਲ ਪਿੰਡ ਨਾਲ ਸਬੰਧਤ ਹਨ। ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 121 ਹੋ ਗਈ ਹੈ। ਮੋਹਾਲੀ 'ਚ ਹੁਣ ਤੱਕ 103 ਮਰੀਜ਼ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ ਅਤੇ 3 ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਲਟਾਣਾ ਦੇ ਸੈਣੀ ਵਿਹਾਰ 'ਚ ਮਹਿਲਾ (50) ਅਤੇ ਉਸ ਦੇ 26 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਇੱਕ ਢਕੋਲੀ ਹੈਲਥ ਸੈਂਟਰ ਦੇ ਦਰਜਾ ਚਾਰ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਲਾਲੜੂ ਦੇ ਇੱਕ ਵਸਨੀਕ ਅਤੇ ਪਿੰਡ ਨੰਗਲ ਨੇੜੇ ਛੱਤ ਵਸਨੀਕ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

ਪਟਿਆਲਾ 'ਚ ਬੁੱਧਵਾਰ ਦੀ ਸਵੇਰ ਜ਼ਿਲ੍ਹੇ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇਕ ਵਿਅਕਤੀ ਜ਼ਿਲ੍ਹੇ ਦੇ ਪਾਤੜਾਂ ਤੇ ਦੂਸਰਾ ਸਮਾਣਾ ਸ਼ਹਿਰ ਨਾਲ ਸਬੰਧਤ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਾਤੜਾਂ ਵਾਸੀ ਵਿਅਕਤੀ ਬੀਤੇ ਦਿਨੀਂ ਦੁਬਈ ਤੋਂ ਅਤੇ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇੱਥੇ ਆਇਆ ਸੀ। ਇਨ੍ਹਾਂ ਦੇ ਆਉਣ 'ਤੇ ਸਿਹਤ ਭਾਗ ਵੱਲੋਂ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸੀ,ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।

ਕੋਰੋਨਾ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਵੀ ਦਸਤਕ ਦੇ ਦਿੱਤੀ ਹੈ ਅਤੇ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਸ਼ੁਤਰਾਣਾ ਡਾਕਟਰ ਦਰਸ਼ਨ ਕੁਮਾਰ ਨੇ ਕਿਹਾ ਕਿ ਮੁੰਬਈ ਤੋਂ ਇਕ ਪਰਿਵਾਰ 28 ਮਈ ਨੂੰ ਪਿੰਡ ਅਰਨੋਂ ਵਿਖੇ ਆਇਆ ਸੀ, ਜਿਸ ਨੂੰ ਉਨ੍ਹਾਂ ਨੇ ਤੁਰੰਤ ਇਕਾਂਤਵਾਸ ਕਰਕੇ ਪੂਰੇ ਪਰਿਵਾਰ ਦੇ ਕੋਰੋਨਾ ਸਬੰਧੀ ਨਮੂਨੇ ਲਏ ਸਨ ਅਤੇ ਅੱਜ ਉਨ੍ਹਾਂ 'ਚ 7 ਸਾਲ ਦੀ ਇੱਕ ਬੱਚੀ ਦੀ ਕੋਰੋਨਾ ਪਾਜ਼ਿਟਿਵ ਰਿਪੋਰਟ ਆਈ ਹੈ।

ਬਠਿੰਡਾ 'ਚ ਵੀ 2 ਕੋਰੋਨਾ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਐੱਨਆਰਆਈ ਜੋ ਕਿ ਸਟੇਟ ਕੁਆਰੰਟਾਈਨ 'ਚ ਸੀ ਅਤੇ ਦੂਜਾ ਦਿੱਲੀ ਤੋਂ ਪਰਤਿਆ ਸੀ, ਘਰ ਵਿੱਚ ਇਕਾਂਤਵਾਸ ਸਨ। ਇਸ ਤੋਂ ਇਲਾਵਾ ਬਠਿੰਡਾ 'ਚ ਅੱਜ 143 ਲੋਕਾਂ ਦੀ ਰਿਪੋਰਟ ਨੈਗੇਟਿਵ ਆਈਆਂ ਹਨ ਜਦਕਿ 218 ਲੋਕਾਂ ਰਿਪੋਰਟ ਅਜੇ ਪੈਂਡਿੰਗ ਹੈ।

ਫਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਕਹਿਰ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਾਰੀ ਹੈ। ਸਿਵਲ ਸਰਜਨ ਡਾ.ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਇਹ ਜੋ ਨਵਾਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਜੋ ਮੰਡੀ ਗੋਬਿੰਦਗੜ੍ਹ ਦੇ ਪਿੰਡ ਨਾਲ ਹੀ ਸਬੰਧਤ ਹੈ। ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 64 ਹੋ ਗਈ ਹੈ।

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ। ਮਲੋਟ 'ਚ ਦੋ ਲੋਕਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਮਲੋਟ ਦੇ ਫਾਟਕ ਪਾਰ ਇਲਾਕੇ 'ਚ ਇੱਕ ਨੌਜਵਾਨ ਕੋਰੋਨਾ ਪਾਜ਼ੀਟਿਵ ਮਿਲਿਆ ਹੈ। ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਕਿਸੇ ਦੂਜੇ ਸੂਬੇ ਤੋਂ ਆਇਆ ਸੀ। ਉੱਥੇ ਹੀ ਮਲੋਟ ਦੇ ਲਾਗਲੇ ਪਿੰਡ ਤਰਮਾਲਾ ਦੀ ਇੱਕ ਲੜਕੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।

-PTCNews

Related Post