ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ 'ਬੀਮਾਰੂ ਸੂਬਿਆਂ' 'ਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਦੀ ਨਿਖੇਧੀ

By  Jashan A December 29th 2019 09:39 AM

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ 'ਬੀਮਾਰੂ ਸੂਬਿਆਂ' 'ਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਦੀ ਨਿਖੇਧੀ

ਕਿਹਾ ਕਿ ਵਧੀਆ ਨੀਤੀਆਂ ਦੀ ਅਣਹੋਂਦ ਕਰਕੇ ਪੰਜਾਬ ਹਰ ਖੇਤਰ ਆਰਥਿਕ, ਖੇਤੀਬਾੜੀ ਅਤੇ ਵਧੀਆ ਪ੍ਰਸਾਸ਼ਨ ਆਦਿ ਵਿਚ ਪਛੜਿਆ

ਮਾੜੀ ਟੈਕਸ ਉਗਰਾਹੀ ਅਤੇ ਸੂਬੇ ਦਾ ਦੀਵਾਲੀਆ ਨਿਕਲਣ ਵਾਲੀ ਹਾਲਤ ਲਈ ਮੁੱਖ ਮੰਤਰੀ ਜ਼ਿੰਮੇਵਾਰ ਹੈ

ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸਿਰਫ ਜੰਗਲ ਰਾਜ, ਮਹਿੰਗੀ ਬਿਜਲੀ, ਸੂਬੇ ਦੇ ਸਰੋਤਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਹੀ ਦਿੱਤਾ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਨੂੰ 'ਬੀੰਮਾਰੂ ਸੂਬਿਆਂ' ਦੀ ਕਤਾਰ 'ਚ ਖੜ੍ਹਾ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ, ਜਿਹੜਾ ਕਿ ਪ੍ਰਸਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਤੇ ਸੈਂਟਰ ਫਾਰ ਗੁੱਡ ਗਵਰਨੈਂਸ ਵੱਲੋਂ ਵਧੀਆ ਪ੍ਰਸਾਸ਼ਨ ਦੀ ਸੂਚੀ (ਜੀਜੀਆਈ) ਤਹਿਤ ਕੀਤੇ 18 ਸੂਬਿਆਂ ਦੇ ਮੁਲੰਕਣ ਵਿਚ 13ਵੇਂ ਨੰਬਰ ਉਤੇ ਆਇਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਸੀਂ ਅਕਸਰ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੰਜਾਬ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੈ, ਜਿਹਨਾਂ ਨੇ ਨਾ ਸਿਰਫ ਸੂਬੇ ਦਾ ਵਿਕਾਸ ਰੋਕ ਦਿੱਤਾ ਹੈ, ਇਸ ਦੀ ਆਰਥਿਕਤਾ ਨੂੰ ਵੀ ਤਹਿਸ ਨਹਿਸ ਕਰ ਦਿੱਤਾ ਹੈ, ਸਿੱਟੇ ਵਜੋਂ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਦਾ ਜੀਉਣਾ ਦੁੱਭਰ ਹੋ ਚੁੱਕਿਆ ਹੈ।

ਉਹਨਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਦੀ ਰਿਪੋਰਟ ਵਿਚ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ, ਜਿਸ ਨੇ ਵੱਖ ਵੱਖ ਖੇਤਰਾਂ ਵਿਚ ਕਾਰਗੁਜ਼ਾਰੀ ਦਾ ਮੁਲੰਕਣ ਕਰਦਿਆਂ ਪੰਜਾਬ ਨੂੰ ਲਗਭਗ ਸਭ ਤੋਂ ਹੇਠਲਾ ਦਰਜਾ ਦਿੱਤਾ ਹੈ।

ਹੋਰ ਪੜ੍ਹੋ:ਗੈਂਗਸਟਰਾਂ ਦੀ ਪੁਸ਼ਤਪਨਾਹੀ ਲਈ ਜਾਂਚੇ ਜਾ ਰਹੇ ਕਾਂਗਰਸੀ ਆਗੂਆਂ ਦੀ ਸੂਚੀ ਵਿਚ ਮੁੱਖ ਮੰਤਰੀ ਕੈਪਟਨ ਆਪਣਾ ਨਾਂ ਵੀ ਜੋੜ ਲਵੇ : ਸੁਖਬੀਰ ਬਾਦਲ

ਇਹ ਟਿੱਪਣੀ ਕਰਦਿਆਂ ਕਿ ਇਹ ਰਿਪੋਰਟ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਉਂਦੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਰਿਪੋਰਟ ਨੇ ਆਰਥਿਕ ਪ੍ਰਸਾਸ਼ਨ ਵਿਚ ਪੰਜਾਬ ਨੂੰ ਸਭ ਤੋਂ ਹੇਠਾਂ ਰੱਖਦਿਆਂ ਕਿਹਾ ਹੈ ਕਿ ਜੀਐਸਡੀਪੀ ਦੇ ਅਨੁਪਾਤ ਮੁਤਾਬਿਕ ਆਰਥਿਕ ਘਾਟੇ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਸੂਬੇ ਦੀ ਆਪਣੀ ਟੈਕਸ ਉਗਰਾਹੀ ਘੱਟ ਗਈ ਹੈ ਅਤੇ ਜੀਐਸਡੀਪੀ ਅਨੁਪਾਤ ਮੁਤਾਬਿਕ ਕਰਜ਼ਾ ਵਧ ਗਿਆ ਹੈ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਟੀਚੇ ਅਨੁਸਾਰ ਸੂਬੇ ਦੇ ਟੈਕਸਾਂ ਨਾਲ ਜੀਡੀਪੀ 'ਚ 14 ਫੀਸਦੀ ਵਾਧਾ ਹੋਣ ਦੀ ਬਜਾਇ ਸਿਰਫ 8 ਫੀਸਦੀ ਵਾਧਾ ਹੀ ਹੋਇਆ ਹੈ। ਉਹਨਾਂ ਕਿਹਾ ਕਿ ਮਾਲੀਆ ਉਗਰਾਹੀ ਵਿਚ ਵੀ ਪੰਜਾਬ ਪਿਛਾੜੀ ਕਰਾਰ ਦਿੱਤਾ ਗਿਆ ਹੈ, ਜਿਸ ਨੇ ਇਸ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ 9,467 ਕਰੋੜ ਰੁਪਏ ਦੀ ਟੀਚੇ ਦਾ ਸਿਰਫ 16 ਫੀਸਦੀ ਹੀ ਹਾਸਿਲ ਕੀਤਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੀਜੀਆਈ ਰਿਪੋਰਟ ਨੇ ਸਰਕਾਰ ਵੱਲੋਂ ਕਾਰੋਬਾਰ ਕਰਨ ਦੀ ਸੌਖ ਅਤੇ ਇੰਡਸਟਰੀ ਦੇ ਵਿਕਾਸ ਬਾਰੇ ਕੀਤੇ ਸਾਰੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਅਤੇ ਕਾਮਰਸ ਐਂਡ ਇੰਡਸਟਰੀ ਕੈਟਾਗਰੀ ਵਿਚ ਸੂਬੇ ਨੂੰ ਆਖਰੀ ਤੋਂ ਪਹਿਲਾ ਸਥਾਨ ਦੇ ਕੇ ਸੂਬੇ ਵੱਲੋਂ ਕਰਵਾਏ ਫਰਜ਼ੀ ਨਿਵੇਸ਼ ਸੰਮੇਲਨ ਦੀ ਪੋਲ੍ਹ ਖੋਲ੍ਹ ਦਿੱਤੀ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਬਾਕੀ ਸੇਵਾਵਾਂ ਵਿਚ ਪੰਜਾਬ ਨੂੰ 18 ਸੂਬਿਆਂ ਵਿਚੋਂ 15ਵਾਂ ਸਥਾਨ ਅਤੇ ਸਮਾਜ ਭਲਾਈ ਅਤੇ ਵਿਕਾਸ ਕੈਟਾਗਰੀ ਵਿਚ 14ਵਾਂ ਸਥਾਨ ਦਿੱਤਾ ਗਿਆ ਹੈ।

ਇਹ ਟਿੱਪਣੀ ਕਰਦਿਆਂ ਕਿ ਪੰਜਾਬ ਨੂੰ ਦੀਵਾਲੀਆ ਐਲਾਨੇ ਜਾਣ ਦੇ ਖਤਰੇ ਕਰਕੇ ਸਥਿਤੀ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਇੰਡਸਟਰੀ ਨੂੰ ਰਾਹਤ ਦੇਣ ਦੇ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਹੈ। ਕੋਈ ਨਵਾਂ ਬੁਨਿਆਦੀ ਢਾਂਚਾ ਨਹੀਂ ਉਸਾਰਿਆ ਜਾ ਰਿਹਾ ਹੈ। ਕਰਮਚਾਰੀਆਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ। ਕਿਸਾਨਾਂ ਨਾਲ ਮੁਕੰਮਲ ਕਰਜ਼ਾ ਮੁਆਫੀ ਦਾ , ਨੌਜਵਾਨਾਂ ਨਾਲ ਘਰ ਘਰ ਨੌਕਰੀ , 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਮੋਬਾਇਲ ਫੋਨਾਂ ਦਾ ਅਤੇ ਗਰੀਬਾਂ ਨਾਲ ਸਮਾਜ ਭਲਾਈ ਸਕੀਮਾਂ ਲਾਗੂ ਕਰਨ ਦਾ ਆਦਿ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਹੈ।

ਇਹ ਟਿੱਪਣੀ ਕਰਦਿਆਂ ਕਿ ਸ੍ਰੀ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ਦੀਆਂ ਝੂਠੀਆਂ ਸਹੁੰਆਂ ਖਾ ਕੇ ਪੰਜਾਬੀਆਂ ਨੂੰ ਧੋਖਾ ਦੇਣ ਲਈ ਮੁੱਖ ਮੰਤਰੀ ਖੁਦ ਜ਼ਿੰਮੇਵਾਰ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬੀਆਂ ਨੂੰ ਜੰਗਲ ਰਾਜ ਦਿੱਤਾ ਹੈ, ਜਿਸ ਨੇ ਗੈਂਗਸਟਰ ਪੈਦਾ ਕਰ ਦਿੱਤੇ ਹਨ, ਜਿਹਨਾਂ ਦੀ ਮੰਤਰੀ ਪੁਸ਼ਤਪਨਾਹੀ ਕਰਦੇ ਹਨ। ਇਸ ਤੋਂ ਇਲਾਵਾ ਇਸ ਸਰਕਾਰ ਨੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੇ ਬਿਜਲੀ ਬਿਲਾਂ ਵਿਚ 30 ਫੀਸਦੀ ਵਾਧਾ ਕਰ ਦਿੱਤਾ ਹੈ, ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਦੀ ਖੁੱਲ੍ਹੀ ਛੁੱਟੀ ਦੇ ਕੇ ਸੂਬੇ ਦੇ ਸਰੋਤਾਂ ਨੂੰ ਲੁੱਟਿਆ ਜਾ ਰਿਹਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਵਲ ਰਹਿਣ ਵਾਲੇ ਸੂਬੇ ਨੂੰ ਸਭ ਤੋਂ ਪਿਛਾੜੀ ਬਣ ਕੇ ਪੰਜਾਬੀਆਂ ਦੇ ਸਨਮਾਨ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਅਕਾਲੀ-ਭਾਜਪਾ ਸਰਕਾਰ ਵੇਲੇ ਚੋਟੀ ਉੱਤੇ ਰਹਿਣ ਵਾਲਾ ਪੰਜਾਬ ਕਾਂਗਰਸੀ ਹਕੂਮਤ ਦੌਰਾਨ ਕਾਰੋਬਾਰ ਕਰਨ ਦੀ ਸੌਖ ਕੈਟਾਗਰੀ ਵਿਚ ਖਿਸਕ ਕੇ 20ਵੇਂ ਸਥਾਨ ਉੱਤੇ ਪਹੁੰਚ ਗਿਆ ਸੀ। ਉਹਨਾਂ ਕਿਹਾ ਕਿ ਨੀਤੀ ਆਯੋਗ ਦੀ ਇਨੋਵੇਸ਼ਨ ਸੂਚੀ ਤਹਿਤ ਕੀਤੀ ਦਰਜਾਬੰਦੀ ਵਿਚ ਵੀ ਪੰਜਾਬ ਨੂੰ ਕਾਂਗਰਸੀ ਹਕੂਮਤ ਦੌਰਾਨ ਝਾਰਖੰਡ ਵਰਗੇ ਬਿਮਾਰੂ ਰਾਜਾਂ ਨਾਲ ਰੱਖਿਆ ਗਿਆ ਸੀ।

ਮੁੱਖ ਮੰਤਰੀ ਨੂੰ ਕੁੰਭਕਰਨੀ ਨੀਂਦ ਵਿਚੋਂ ਜਾਗ ਕੇ ਕਾਰਗੁਜ਼ਾਰੀ ਵਿਖਾਉਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਰਾਜ ਦੌਰਾਨ 1500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ 500 ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇੰਨੀ ਕੜਾਕੇ ਦੀ ਸਰਦੀ ਦੇ ਬਾਵਜੂਦ ਬੱਚਿਆਂ ਨੂੰ ਸਰਦੀਆਂ ਵਾਲੀਆਂ ਵਰਦੀਆਂ ਅਤੇ ਮਿਡਡੇਅ ਮੀਲ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹਨ।

ਦਲਿਤ ਨੌਜਵਾਨਾਂ ਨੂੰ ਵਜ਼ੀਫੇ ਨਹੀ ਦਿੱਤੇ ਜਾ ਰਹੇ ਅਤੇ ਬਜ਼ੁਰਗ ਅਤੇ ਗਰੀਬ ਤਬਕੇ ਸਮਾਜ ਭਲਾਈ ਸਕੀਮਾਂ ਨੂੰ ਤਰਸ ਰਹੇ ਹਨ।ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਆਉਣ ਵਾਲੇ ਦਿਨਾਂ ਵਿਚ ਸਾਰੇ ਲੋਕ-ਪੱਖੀ ਮੁੱਦੇ ਉਠਾਵੇਗਾ ਅਤੇ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦੇਵੇਗਾ।

-PTC News

Related Post