ਡੀਸੀ ਫਾਜ਼ਿਲਕਾ ਤੇ ਹੋਰ ਅਧਿਕਾਰੀਆਂ ਨਾਲ 800 ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਬਣਾਈ ਮਨੁੱਖੀ ਲੜੀ

ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦੇ 800 ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ, ਆਈਏਐਸ, ਡਾ: ਸੇਨੂੰ ਦੁੱਗਲ ਦੀ ਅਗਵਾਈ ਵਿਚ ਸੀਨਿਅਰ ਅਧਿਕਾਰੀਆਂ ਅਤੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਮਨੁੱਖੀ ਲੜੀ ਬਣਾ ਕੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ।

By  Jasmeet Singh January 18th 2023 08:19 PM

ਫਾਜ਼ਿਲਕਾ, 18 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦੇ 800 ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ, ਆਈਏਐਸ, ਡਾ: ਸੇਨੂੰ ਦੁੱਗਲ ਦੀ ਅਗਵਾਈ ਵਿਚ ਸੀਨਿਅਰ ਅਧਿਕਾਰੀਆਂ ਅਤੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਮਨੁੱਖੀ ਲੜੀ ਬਣਾ ਕੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਇਹ ਮਨੁੱਖੀ ਲੜੀ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਤੱਕ (3 ਕਿਲੋਮੀਟਰ) ਬਣਾਈ ਗਈ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਦੇ ਸਾਰੇ ਸਰਕਾਰੀ ਸਕੂਲਾਂ (468 ਪ੍ਰਾਇਮਰੀ ਸਕੂਲ ਅਤੇ 232 ਅਪਰ ਪ੍ਰਾਇਮਰੀ ਸਕੂਲਾਂ) ਵਿਚ 97304 ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਖ਼ਿਲਾਫ਼ ਲੜਨ ਦਾ ਪ੍ਰਣ ਲਿਆ।


ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਖ਼ਿਲਾਫ਼ ਸਮਾਜਿਕ ਜਾਗਰੂਕਤਾ ਲਈ ਜਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਿਹਤਮੰਦ, ਸਿੱਖਿਅਤ ਅਤੇ ਉਨੱਤ ਸਮਾਜ ਵਿਚ ਨਸਿ਼ਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਇਕ ਸਰਹੱਦੀ ਜ਼ਿਲ੍ਹਾ ਹੈ ਅਤੇ ਨਾਲ ਲੱਗਦੇ ਦੁਸ਼ਮਣ ਦੇਸ਼ ਵੱਲੋਂ ਇੱਥੇ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਜਰੂਰੀ ਹੈ ਕਿ ਹਰ ਇਕ ਨਾਗਰਿਕ ਇਸ ਕੁਰੀਤੀ ਤੋਂ ਤੋਂ ਸਾਵਧਾਨ ਰਹੇ ਅਤੇ ਜ਼ੇਕਰ ਕੋਈ ਪੀੜਤ ਹੈ ਤਾਂ ਉਹ ਇਲਾਜ ਕਰਵਾ ਕੇ ਨਸ਼ਾ ਛੱਡੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇਹ ਸੁਨੇਹਾ ਘਰ ਘਰ ਲੈ ਕੇ ਜਾਣਗੇ। 

ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਅਜਿਹੇ ਵਿਚ ਸਮਾਜਿਕ ਜਾਗਰੂਕਤਾ ਅਤੇ ਸਮਾਜਿਕ ਭਾਗੀਦਾਰੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਮਾਜ ਦੇ ਸਾਰੇ ਲੋਕ ਸਹਿਯੋਗ ਕਰਨ ਤਾਂ ਅੱਜ ਨਸ਼ੇ ਨੂੰ ਹਰਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਤਾਂ ਦਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਵੀ ਕੀਤੀ ਜਾਂਦੀ ਹੈ।


ਇਸ ਦੌਰਾਨ ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਅਤੇ ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਨਾਅਰੇ ਲਗਾਏ। ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਨਸ਼ਿਆਂ ਖ਼ਿਲਾਫ਼ ਇਹ ਸੁਨੇਹਾ ਸਮਾਜ ਵਿਚ ਲੈ ਕੇ ਜਾਣਗੇ। ਡੀਸੀ ਦਫ਼ਤਰ ਪੁੱਜਣ ਤੇ ਵਿਦਿਆਰਥੀਆਂ ਨੂੰ ਅਲਪ ਆਹਾਰ ਦਿੱਤਾ ਗਿਆ। ਇੱਥੇ ਵੱਧੀਕ ਡਿਪਟੀ ਕਮਿਸ਼ਨਰ ਜਨਰਲ ਮਨਦੀਪ ਕੌਰ ਨੇ ਇਸ ਆਯੋਜਨ ਨੂੰ ਸਫਲ ਕਰਨ ਲਈ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ, ਐਸਡੀਐਮ ਨਿਕਾਸ ਖੀਂਚੜ, ਡਿਪਟੀ ਡੀਈਓ ਪੰਕਜ ਅੰਗੀ ਅਤੇ ਅੰਜੂ ਸੇਠੀ, ਸਤਿੰਦਰ ਬੱਤਰਾ, ਆਦਿ ਵੀ ਹਾਜ਼ਰ ਸਨ।

Related Post