ਕਣਕ ਦੇ ਭਾਅ ਤੇ ਕੱਟ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੋਦੀ ਸਰਕਾਰ ਖਿਲਾਫ ਅਰਥੀ ਫੂਕ ਵਿਰੋਧ ਪ੍ਰਦਰਸ਼ਨ

ਆਗੂਆਂ ਨੇ ਕਿਹਾ ਕਿ ਕਣਕ ਦੇ ਰੇਟ ਵਿੱਚ ਕੱਟ ਲਾ ਕੇ ਸਰਕਾਰ ਲੋਕਾਂ ਦੇ ਜਖ਼ਮਾਂ ਤੇ ਮਰਹਮ ਲਗਾਉਣ ਦੀ ਜਗ੍ਹਾ ਨਮਕ ਛਿੜਕ ਰਹੀ ਹੈ

By  Amritpal Singh April 15th 2023 07:47 PM

ਮਨਿੰਦਰ ਮੌਂਗਾ/ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਗੋਲਡਨ ਗੇਟ ਅੰਮ੍ਰਿਤਸਰ ਤੇ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ, ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਤੇ ਮੜ੍ਹੀਆਂ ਗਈਆਂ ਨਵੀਆਂ ਸ਼ਰਤਾਂ ਤਹਿਤ ਲਗਾਏ ਜਾ ਰਹੇ ਵੈਲਿਊ ਕੱਟ ਦੇ ਖ਼ਿਲਾਫ਼, ਜੰਮਕੇ ਨਾਹਰੇਬਾਜ਼ੀ ਕਰਦੇ ਹੋਏ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 

ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਣਕ ਦੇ ਰੇਟ ਵਿੱਚ ਕੱਟ ਲਾ ਕੇ ਸਰਕਾਰ ਲੋਕਾਂ ਦੇ ਜਖ਼ਮਾਂ ਤੇ ਮਰਹਮ ਲਗਾਉਣ ਦੀ ਜਗ੍ਹਾ ਨਮਕ ਛਿੜਕ ਰਹੀ ਹੈ, ਜਦਕਿ ਕਿਸਾਨ ਪਹਿਲਾਂ ਤੋਂ ਹੀ ਗੜੇਮਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਕਣਕ ਦੇ ਘੱਟ ਝਾੜ ਦੀ ਮਾਰ ਹੇਠ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 6-18% ਸੁੰਗੜੇ ਦਾਣੇ ਅਤੇ 10-80% ਬਦਰੰਗੇ ਦਾਣੇ ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਲਗਾਇਆ ਕੱਟ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਜਥੇਬੰਦੀ ਦੇ ਸੂਬਾ ਪੱਧਰੀ ਐਲਾਨ ਅਨੁਸਾਰ 23 ਮਾਰਚ ਨੂੰ ਰੇਲ ਚੱਕਾ ਜਾਮ ਕੀਤਾ ਜਾਵੇਗਾ, ਸਰਕਾਰ ਨੂੰ ਚੇਤਾਵਨੀ ਹੈ ਕਿ ਅਗਰ ਇਹ ਸ਼ਰਤਾਂ ਵਾਪਿਸ ਨਹੀਂ ਲੈਂਦੀ ਤਾਂ ਇਸ ਐਕਸ਼ਨ ਕਾਰਨ ਪੈਦਾ ਹੋਈ ਪ੍ਰੇਸ਼ਾਨੀ ਲਈ ਉਹ ਖੁਦ ਜਿੰਮੇਵਾਰ ਹੋਵੇਗੀ | ਉਨ੍ਹਾ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਕਿ ਮੋਦੀ ਸਰਕਾਰ ਲਗਾਏ ਵੈਲਿਊ ਕੱਟ ਦੀ ਭਰਪਾਈ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਕਰਕੇ ਮਾਨ ਸਰਕਾਰ ਮੋਦੀ ਦੇ ਬਚਾਅ ਵਿਚ ਭੁਗਤ ਰਹੀ ਹੈ,ਅਗਰ ਮਾਨ ਸਰਕਾਰ ਵਾਕਿਆ ਹੀ ਸੁਹਿਰਦ ਹੁੰਦੀ ਤਾਂ ਕੇਂਦਰ ਤੇ ਸ਼ਰਤਾਂ ਵਾਪਿਸ ਲੈਣ ਦਾ ਦਬਾਵ ਬਣਾਉਂਦੇ ਹੋਏ ਖ਼ੁਦ ਬੋਨਸ ਦੇ ਰੂਪ ਵਿੱਚ ਨੁਕਸਾਨ ਦੀ ਪੂਰਤੀ ਕਰਦੀ, ਪਰ ਉਹ ਮੋਦੀ ਦੀ ਇਮੇਜ਼ ਬਚਾਅ ਕੇ ਰੱਖ ਰਹੇ ਹਨ ।

ਉਨ੍ਹਾ ਮੰਗ ਕੀਤੀ ਕਿ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ ਅਤੇ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਵਜੋਂ ਪ੍ਰਤੀ ਏਕੜ 50 ਹਾਜ਼ਰ ਮੁਆਵਜਾ ਦੇਵੇ ਅਤੇ ਖੇਤ ਮਜ਼ਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਸੇਲੋ ਗੋਦਾਮਾਂ ਮਨਜ਼ੂਰੀ ਦੇਣਾਂ ਸਰਕਾਰੀ ਮੰਡੀ ਨੂੰ ਤੋੜਨ ਲਈ ਕੀਤਾ ਗਿਆ ਵਾਰ ਹੈ, ਜਿਸ ਨਾਲ ਪ੍ਰਾਈਵੇਟ ਵਾਪਰੀ ਨੂੰ ਲੋਕਾਂ ਦੀ ਲੁੱਟ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਓਹਨਾ ਮੰਗ ਕੀਤੀ ਕਿ ਇਹ ਮੰਜੂਰੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾ ਸਰਕਾਰ ਵੱਲੋਂ ਯੂਟਿਊਬ ਚੈਂਨਲਾਂ ਅਤੇ ਪੱਤਰਕਾਰਾਂ ਤੇ ਕੀਤੀ ਜਾ ਰਹੀ ਸ਼ਖਤੀ ਨੂੰ ਸਰਕਾਰ ਵੱਲੋਂ ਅਪਣਾਈਆਂ ਗ਼ਲਤ ਨੀਤੀਆਂ ਤੋਂ ਪਰਦਾ ਉਠਾਏ ਜਾਣ ਦੇ ਡਰ ਵਿਚੋਂ ਨਿਕਲੇ ਹੋਏ ਹਮਲੇ ਦਾ ਰੂਪ ਦੱਸਿਆ । ਉਨ੍ਹਾ ਕਿਹਾ ਕਿ ਸਰਕਾਰ ਨੂੰ ਅਜਿਹੇ ਕੰਮਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਤੇ ਵਿਰੋਧੀ ਵਿਚਾਰ ਨੂੰ ਲੋਕਤੰਤਰ ਵਿਚ ਖੁੱਲੀ ਜਗ੍ਹਾ ਮਿਲਣੀ ਚਾਹੀਦੀ ਹੈ,ਇਸ ਲਈ ਅਜਿਹੀਆਂ ਰੋਕਾ ਵਾਪਿਸ ਲੈਣੀਆਂ ਚਾਹੀਦੀਆਂ ਹਨ। ਉਨ੍ਹਾ ਦੱਸਿਆ ਕਿ ਬਣੇ ਹੋਏ ਹਲਾਤਾਂ ਵਿੱਚ ਸੰਘਰਸ਼ ਦੀ ਵਿਓਂਤਬੰਦੀ ਲਈ ਅੱਜ ਜਿਲ੍ਹਾ ਅੰਮ੍ਰਿਤਸਰ ਦੇ 19 ਜ਼ੋਨਾਂ ਦੀਆਂ ਕੋਰ ਕਮੇਟੀਆਂ ਦੀ ਮੀਟਿੰਗ ਕਸਬਾ ਵੱਲ੍ਹਾ ਵਿਖੇ ਕੀਤੀ ਗਈ ਹੈ ਜਿਸ ਉਪਰੰਤ ਸੀਨੀਅਰ ਕਿਸਾਨ ਆਗੂਆਂ ਨੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਦਾਣਾ ਮੰਡੀ ਭਗਤਾਂ ਵਾਲਾ ਅੰਮ੍ਰਿਤਸਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਆਮਦ ਹੋ ਚੁੱਕੀ ਹੈ ਪਰ ਬਾਰਦਾਨੇ ਦੀ ਕਿੱਲਤ ਸਾਫ ਦਿਖਾਈ ਦੇ ਰਹੀ ਹੈ ਜੋ ਦੂਰ ਜਲਦ ਦੂਰ ਕੀਤੀ ਜਾਣੀ ਚਾਹੀਦੀ ਹੈ।

ਇਸ ਮਗਰੋਂ ਆਗੂਆਂ ਵੱਲੋਂ ਜਿਲ੍ਹਾ ਮਾਰਕੀਟ ਕਮੇਟੀ ਦਫਤਰ ਅੰਮ੍ਰਿਤਸਰ ਦਾ ਦੌਰਾ ਕਰਕੇ ਅਦਾਰੇ ਦੇ ਸਕੱਤਰ ਅਨਿਲ ਕੁਮਾਰ ਨਾਲ ਕਣਕ ਦੇ ਮੰਡੀਕਰਨ ਨਾਲ ਸਮਬੰਦਿਤ ਆਉਣ ਵਾਲਿਆਂ ਮੁਸ਼ਕਿਲਾਂ ਤੇ ਵਿਚਾਰ ਕਰਕੇ ਪ੍ਰਬੰਧਾਂ ਨੂੰ ਚਾਕ ਚੌਬੰਦ ਕਰਨ ਦੀ ਅਪੀਲ ਕੀਤੀ, ਜਿਸ ਤੇ ਓਹਨਾ ਵੱਲੋਂ ਅਸ਼ਵਾਸ਼ਨ ਦੁਆਇਆ ਗਿਆ।

Related Post