ਬੈਡਮਿੰਟਨ ਤੇ ਕਿੱਕ ਬਾਕਸਿੰਗ ’ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਕੀਤਾ ਸਨਮਾਨਿਤ

ਖੇਡ ਵਿੱਚ ਨਾ ਸਿਰਫ ਜ਼ਿਲ੍ਹੇ ਬਲਕਿ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹੁਸ਼ਿਆਰਪੁਰ ਦੇ ਦੋ ਖਿਡਾਰੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

By  Jasmeet Singh January 3rd 2023 04:53 PM

ਹੁਸ਼ਿਆਰਪੁਰ, 3 ਜਨਵਰੀ: ਖੇਡ ਵਿੱਚ ਨਾ ਸਿਰਫ ਜ਼ਿਲ੍ਹੇ ਬਲਕਿ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹੁਸ਼ਿਆਰਪੁਰ ਦੇ ਦੋ ਖਿਡਾਰੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ 14 ਸਾਲ ਦੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਅਤੇ ਕਿੱਕ ਬਾਕਸਿੰਗ ਦੇ ਅੰਤਰਰਾਸ਼ਟਰੀ ਖਿਡਾਰੀ ਜੋਗੀ ਨਾਲ ਉਨ੍ਹਾਂ ਦੀ ਖੇਡ ਸਬੰਧੀ ਵਿਸਥਾਰ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦੁਆਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤੀ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਤਨਵੀ ਸ਼ਰਮਾ ਨੂੰ 21 ਹਜ਼ਾਰ ਰੁਪਏ ਦਾ ਚੈੱਕ ਅਤੇ ਟਰਾਫ਼ੀ ਅਤੇ ਜੋਗੀ ਨੂੰ 5100 ਰੁਪਏ ਦਾ ਚੈੱਕ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਤਨਵੀ ਦੀ ਮਾਤਾ ਮੀਨਾ ਸ਼ਰਮਾ ਅਤੇ ਜ਼ਿਲ੍ਹਾ ਓਲੰਪਿਕ ਐਸੋੋਸੀਏਸ਼ਨ ਦੇ ਰਾਘਵ ਬਾਂਸਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਨਾਢਾ ਸਾਹਿਬ ਵਿਖੇ ਦੁਕਾਨਦਾਰਾਂ ਤੇ HSGMC ਮੈਂਬਰਾਂ 'ਚ ਮਾਹੌਲ ਹੋਇਆ ਤਣਾਅਪੂਰਨ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਕੇਵਲ 14 ਸਾਲ ਦੀ ਤਨਵੀ ਸ਼ਰਮਾ ਨੇ ਅੰਡਰ-19 ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਰਿਕਾਰਡ ਬਣਾਇਆ ਹੈ। ਭੁਵਨੇਸ਼ਵਰ (ਉੜੀਸਾ) ਵਿੱਚ ਆਯੋਜਿਤ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਡਰ-15 ਅਤੇ 17 ਵਿੱਚ ਸੋਨੇ ਅਤੇ ਅੰਡਰ-19 ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਉਹ ਅੰਡਰ-15 ਅਤੇ 17 ਵਿੱਚ ਆਲ ਇੰਡੀਆ ਪਹਿਲੇ ਰੈਂਕ ਵਿੱਚ ਆ ਗਈ ਹੈ, ਜੋ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸੇ ਚੈਂਪੀਅਨਸ਼ਿਪ ਵਿੱਚ ਉਸ ਨੇ ਡਬਲ ਮਿਕਸ ਮੁਕਾਬਲਿਆਂ ਵਿੱਚ ਵੀ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਆਪਣੇ ਤੋਂ ਵੱਡੀ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਖੇਡ ਕੇ ਮੈਡਲ ਲਿਆਉਣਾ ਬਹੁਤ ਵੱਡੀ ਗੱਲ ਹੈ ਅਤੇ ਇਹ ਸਭ ਤਨਵੀ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। 

ਉਨ੍ਹਾਂ ਨੇ ਤਨਵੀ ਦੀ ਮਾਤਾ ਮੀਨਾ ਸ਼ਰਮਾ ਅਤੇ ਪਿਤਾ ਵਿਕਾਸ ਸ਼ਰਮਾ (ਸੁਪਰਡੈਂਟ ਏ.ਡੀ.ਸੀ ਦਫ਼ਤਰ) ਨੂੰ ਤਨਵੀ ਦੀ ਇਸ ਉਪਲਬੱਧੀ ਲਈ ਵਧਾਈ ਦਿੱਤੀ। ਤਨਵੀ ਨੇ ਇਸ ਦੌਰਾਨ ਦੱਸਿਆ ਕਿ ਉਹ 5 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਖੇਡ ਰਹੀ ਹੈ, ਜਿਸ ਵਿੱਚ ਉਸ ਦੇ ਮਾਤਾ-ਪਿਤਾ ਅਤੇ ਵੱਡੀ ਭੈਣ ਰਾਧਿਕਾ, ਜੋ ਕਿ ਖ਼ੁਦ ਇੰਟਰ ਨੈਸ਼ਨਲ ਬੈਡਮਿੰਟਨ ਖਿਡਾਰੀ ਹੈ, ਨੇ ਹਮੇਸ਼ਾ ਸਹਿਯੋਗ ਦਿੱਤਾ ਹੈ। ਉਸ ਨੇ ਦੱਸਿਆ ਕਿ ਉੇਸ ਦਾ ਟੀਚਾ ਓਲੰਪਿਕ ਵਿੱਚ ਭਾਰਤ ਲਈ ਗੋਲਡ ਲਿਆਉਣਾ ਹੈ, ਜਿਸ ਦੇ ਲਈ ਉਹ ਲਗਾਤਾਰ ਮਿਹਨਤ ਕਰ ਰਹੀ ਹੈ।


ਕੋਮਲ ਮਿੱਤਲ ਨੇ ਇਸ ਦੌਰਾਨ ਏਸ਼ੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਲਿਆਉਣ ਵਾਲੇ ਹੁਸ਼ਿਆਰਪੁਰ ਦੇ ਕਮੇਟੀ ਬਾਜ਼ਾਰ ਦੇ ਜੋਗੀ ਨੇ ਇਸ ਸਾਲ 2016 ਤੋਂ ਲੈ ਕੇ 2019 ਤੱਕ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਸੋਨੇ ਦੇ ਤਗ਼ਮੇ ਹਾਸਲ ਕੀਤੇ ਹਨ ਅਤੇ 2020 ਵਿੱਚ ਇੰਡੀਅਨ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਹਾਸਲ ਕਰਦੇ ਹੋਏ ਨਾ ਸਿਰਫ ਜ਼ਿਲ੍ਹੇ ਬਲਾਕਿ ਸੂਬੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਜੋਗੀ ਨੇ ਕਿਹਾ ਕਿ ਸੋਨੇ ਦਾ ਤਗ਼ਮਾ ਲਿਆਉਣ ਦਾ ਇਹ ਸਿਲਸਿਲਾ ਉਹ ਲਗਾਤਾਰ ਜਾਰੀ ਰੱਖਣਗੇ ਅਤੇ ਕਿੱਕ ਬਾਕਸਿੰਗ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਸੋਨੇ ਤਾ ਤਗ਼ਮਾ ਲਿਆ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰਨਗੇ।

ਇਹ ਵੀ ਪੜ੍ਹੋ: ਬਿਜਲੀ ਦਰਾਂ 70 ਪੈਸੇ ਤੋਂ 90 ਪੈਸੇ ਪ੍ਰਤੀ ਯੂਨਿਟ ਤੱਕ ਵਧਣ ਦੀ ਸੰਭਾਵਨਾ 

ਡਿਪਟੀ ਕਮਿਸ਼ਨਰ ਨੇ ਦੋਵੇਂ ਖਿਡਾਰੀਆਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕਰਦੇ ਹੋਏ ਜ਼ਿਲ੍ਹੇ ਵਿੱਚ ਹੋਰ ਨੌਜਵਾਨਾਂ ਨੂੰ ਵੀ ਇਨ੍ਹਾਂ ਖਿਡਾਰੀਆਂ ਵਾਂਗ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਵੀ ਮਿਹਨਤ ਕਰਕੇ ਵੱਖ-ਵੱਖ ਖੇਡਾਂ ਵਿੱਚ ਆਪਣਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਜਿਥੇ ਅਨੁਸ਼ਾਸਨ ਅਤੇ ਲੀਡਰਸ਼ਿਪ ਸਿਖਾਉਂਦੀਆਂ ਹਨ, ਉਥੇ ਸਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।

Related Post