Farmer Protest: ਕਿਸਾਨ ਮਜ਼ਦੂਰ ਜਥੇਬੰਦੀ ਨੇ ਜ਼ੀ-20 ਦੀ ਅੰਮ੍ਰਿਤਸਰ 'ਚ ਹੋਣ ਵਾਲੀ ਮੀਟਿੰਗ ਖਿਲਾਫ ਫੂਕੇ ਪੁਤਲੇ

ਜ਼ੀ-20 ਦੇਸ਼ ਭਰ 'ਚ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 (ਐੱਲ-20) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ 'ਚ ਜਿਲ੍ਹੇ ਭਰ 'ਚ 15 ਥਾਵਾਂ ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ।

By  Ramandeep Kaur March 14th 2023 11:37 AM -- Updated: March 14th 2023 11:38 AM

ਅੰਮ੍ਰਿਤਸਰ: ਜ਼ੀ-20 ਦੇਸ਼ ਭਰ 'ਚ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ-20 (ਐੱਲ-20) ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ 'ਚ ਜਿਲ੍ਹੇ ਭਰ 'ਚ 15 ਥਾਵਾਂ ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਐੱਲ-20 ਜੀ-20 ਦੇ ਅਧੀਨ ਜੁੜੇ ਸਮੂਹਾਂ ਵਿੱਚੋਂ ਹੀ ਇੱਕ ਹੈ। ਇਸ ਵਿੱਚ ਜੀ-20 ਦੇਸ਼ਾਂ ਦੇ ਟਰੇਡ ਯੂਨੀਅਨ ਕੇਂਦਰਾ ਦੇ ਆਗੂ ਅਤੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਜੋ ਕਿਰਤ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ਤੇ ਲੁਕਵੇਂ ਢੰਗ ਨਾਲ ਵੱਖ ਵੱਖ ਦੇਸ਼ਾਂ ਵਿਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ਤੇ ਕੰਮ ਕਰਦੇ ਹਨ।

ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਨ੍ਹਾਂ ਦੀਆਂ ਨੀਤੀਆਂ ਹੀ ਐੱਮ.ਐੱਸ.ਪੀ. ਦੇਣ ਦੇ ਰਸਤੇ 'ਚ ਵੱਡਾ ਅੜਿੱਕਾ ਹਨ। ਉਨ੍ਹਾਂ ਕਿਹਾ ਕਿ ਇਹ ਗਰੁੱਪ ਕੁਲ ਦੁਨੀਆਂ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨਾਂ ਵਲੋਂ ਪੈਦਾ ਕੀਤੀ ਜਾਂਦੀ ਖਾਧ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਅਤੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਹੀਂ ਮਿਲ ਪਾਉਂਦੀ।

ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਸਕੱਤਰ ਸਿੰਘ ਕੋਟਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਵਿਚ ਬੈਠੇ ਸਿਆਸਤਦਾਨ ਲੋਕਾਂ ਨਾਲ ਧ੍ਰੋਹ ਕਮਾ ਰਹੇ ਹਨ, ਇਹਨਾਂ ਦੇਸ਼ਾਂ ਦੇ ਇਸ਼ਾਰੇ ਤੇ ਹੀ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸਨ ਅਤੇ ਹੁਣ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਖ ਵੱਖ ਰੂਪਾਂ ਵਿਚ ਹਮਲੇ ਸਾਹਮਣੇ ਆਉਣਗੇ ਪਰ ਜਥੇਬੰਦੀ ਆਪਣੀ ਪੂਰੀ ਸਮਰੱਥਾ ਨਾਲ ਇਸਦੇ ਵਿਰੋਧ ਅਤੇ ਲੋਕਾਂ ਦੇ ਹੱਕ ਵਿੱਚ ਖੜੀ ਹੈ। ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਬੰਡਾਲਾ ਅਤੇ ਜਿਲ੍ਹਾ ਆਗੂ ਅਮਰਦੀਪ ਗੋਪੀ ਨੇ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਸਮਾਜ ਸ਼ਾਸਤਰੀਆਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਇਨ੍ਹਾਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਕੇ, ਗੁਲਾਮ ਹੋਣ ਤੋਂ ਬਚਾਉਣ ਦੀ ਲੜਾਈ ਵਿਚ ਹਿੱਸਾ ਪਾਉਣ।

ਇਹ ਵੀ ਪੜ੍ਹੋ: Police Hold Flag March: ਜ਼ੀਰਕਪੁਰ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ, ਲੋਕਾਂ ਨੂੰ ਕੀਤੀ ਇਹ ਅਪੀਲ

Related Post