Amritsar Firing News : ਗੁਰੂ ਨਗਰੀ ਅੰਮ੍ਰਿਤਸਰ ’ਚ ਚੱਲੀਆਂ ਗੋਲੀਆਂ, ਨਸ਼ਾ ਵੇਚਣ ਤੋਂ ਰੋਕਣ ’ਤੇ ਨੌਜਵਾਨ ’ਤੇ ਹਮਲਾ
Amritsar Firing News : ਅੰਮ੍ਰਿਤਸਰ ਦੇ ਵੱਡਾਲਾ ਭਿਟੇਵੱਡ ਪਿੰਡ ਵਿੱਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਗੋਲੀਆਂ ਚੱਲੀਆਂ ਅਤੇ ਇਕ ਨੌਜਵਾਨ ਦਿਲਬਾਗ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਰਾਤ ਲਗਭਗ ਸਵਾ ਅੱਠ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਮੁਤਾਬਕ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ’ਤੇ ਆਏ ਅਤੇ ਦਿਲਬਾਗ ਸਿੰਘ ਉੱਤੇ ਨਜ਼ਦੀਕੀ ਤੋਂ ਫਾਇਰਿੰਗ ਕਰ ਦਿੱਤੀ।
ਪਿੰਡ ਦੇ ਸਥਾਨਕ ਵਾਸੀਆਂ ’ਤੇ ਪੀੜਤ ਦਿਲਬਾਗ ਸਿੰਘ ਅਤੇ ਉਸਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਘਰਾਂ ਵਿੱਚ ਆਰਾਮ ਕਰ ਰਹੇ ਸਨ ਕਿ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਜਦੋਂ ਸਭ ਲੋਕ ਬਾਹਰ ਨਿਕਲੇ ਤਾਂ ਦਿਲਬਾਗ ਸਿੰਘ ਖੂਨ ਨਾਲ ਲਥਪਥ ਪਿਆ ਮਿਲਿਆ। ਮੌਕੇ ’ਤੇ ਦੋ ਤੋਂ ਤਿੰਨ ਖਾਲੀ ਖੋਲ ਵੀ ਬਰਾਮਦ ਹੋਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਗੋਲੀ ਦਿਲਬਾਗ ਸਿੰਘ ਦੇ ਮੋਢੇ ’ਚ ਲੱਗੀ ਹੈ, ਜਿਸ ਕਰਕੇ ਉਸਦੀ ਹਾਲਤ ਵਿੱਚ ਖ਼ਤਰਾ ਤਾਂ ਨਹੀਂ ਪਰ ਉਹ ਗੰਭੀਰ ਜ਼ਖਮੀ ਹੈ। ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ।
ਪੀੜਤ ਦਿਲਬਾਗ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਮਦਨ ਸਿੰਘ ਡੇਵਿਡ ਤੇ ਮਹਿਤਾਬ ਸਿੰਘ ਪਿੰਡ ’ਚ ਨਸ਼ਾ ਵਿਕਵਾਉਂਦਾ ਸੀ ਜਦੋਂ ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ਨਾਲ ਲਈ ਝਗੜਾ ਹੋਇਆ ਤੇ ਅੱਜ ਦੇ ਰਾਤ ਕੁਝ ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਉਹਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਹਦੇ ਚਲਦੇ ਦੋ ਗੋਲੀਆਂ ਮੇਰੇ ਮੋਢੇ ’ਚ ਲੱਗੀਆਂ ਹਨ। ਉਹਨਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।
ਮੀਡੀਆ ਕਰਮਚਾਰੀ ਜਦੋਂ ਮੌਕੇ ’ਤੇ ਘਟਨਾ ਦੀ ਕਵਰੇਜ ਕਰਨ ਪਹੁੰਚੇ ਤਾਂ ਡਿਊਟੀ ’ਤੇ ਮੌਜੂਦ ਪੁਲਿਸ ਅਧਿਕਾਰੀ ਅਜੇਪਾਲ ਸਿੰਘ ਨੇ ਕੈਮਰਿਆਂ ਨੂੰ ਹੱਥ ਲਾ ਕੇ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਮੀਡੀਆ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਤਣਾਅ ਵੀ ਦੇਖਣ ਨੂੰ ਮਿਲਿਆ।
ਪਿੰਡ ਵਾਸੀਆਂ ਦਾ ਗੰਭੀਰ ਇਲਜ਼ਾਮ ਹੈ ਕਿ ਪਿੰਡ ਵਿੱਚ ਕਾਫ਼ੀ ਸਮੇਂ ਤੋਂ ਡੇਵਿਡ ਮਸੀਹ, ਉਸਦੇ ਗੁੰਡੇ ਮਹਤਾਬ ਅਤੇ ਕੁਝ ਹੋਰ ਲੋਕ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ। ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਦਿਲਬਾਗ ਸਿੰਘ ਨੇ ਵੀ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਹੀ ਰੰਜਿਸ਼ ਕਾਰਨ ਉਸਨੂੰ ਟਾਰਗਟ ਕੀਤਾ ਗਿਆ।
ਡਿਊਟੀ ਅਫਸਰ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਰੰਜਿਸ਼ ਜਾਂ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਮਾਮਲਾ ਲੱਗਦਾ ਹੈ, ਪਰ ਅਸਲ ਕਾਰਨ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ, ਪੁਲਿਸ ਨੇ ਖੋਲ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਿਆ ਜਾ ਸਕੇ।
- PTC NEWS