ਗੁਰੂ ਤੇਗ਼ ਬਹਾਦਰ ਚੌਕ ਨੇੜੇ ਬੀੜੀਆਂ, ਸਿਗਰੇਟਾਂ ਵੇਚਣ ਵਾਲਿਆਂ ਨੂੰ ਨਿਹੰਗਾਂ ਦੀ ਚਿਤਾਵਨੀ

By  Jasmeet Singh December 14th 2022 02:20 PM

ਪਤਰਸ ਪੀਟਰ, (ਜਲੰਧਰ, 14 ਦਸੰਬਰ): ਜਲੰਧਰ ਦੇ ਗੁਰੂ ਤੇਗ਼ ਬਹਾਦਰ ਚੌਕ ਨੇੜੇ ਨਿਹੰਗ ਸਿੰਘਾਂ ਨੇ ਸਿਗਰਟ, ਬੀੜੀਆਂ ਅਤੇ ਤੰਬਾਕੂ ਵੇਚਣ ਵਾਲਿਆਂ ਦੇ ਖੋਖਿਆਂ ਤੇ ਦੁਕਾਨਾਂ ਤੋਂ ਉੱਕਤ ਹਾਨੀਕਾਰਕ ਪਦਾਰਥਾਂ ਨੂੰ ਸੜਕ 'ਤੇ ਸੁੱਟ ਅੱਗ ਲਗਾ ਦਿੱਤੀ। ਨਿਹੰਗ ਸਿੰਘਾਂ ਨੇ ਸਮੂਹ ਤੰਬਾਕੂ-ਸਿਗਰਟਾਂ ਦੇ ਖੋਖਿਆਂ ਦੇ ਮਾਲਕਾਂ ਨੂੰ ਇਹ ਕੰਮ ਦੁਬਾਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਸ਼ੁਰੂ ਕਰ ਲੈਣ ਇਸਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਗੁਰੂ ਸਾਹਿਬ ਦੇ ਨਾਂਅ ਵਾਲੇ ਚੌਂਕ ਨੇੜੇ ਤੰਬਾਕੂ ਨਹੀਂ ਵਿਕੇਗਾ। ਇੱਥੇ ਦੱਸਣਯੋਗ ਹੈ ਕਿ ਤੰਬਾਕੂ ਜਾਂ ਤੰਬਾਕੂ ਵਾਲੀ ਕੋਈ ਵੀ ਚੀਜ਼ ਸਿੱਖ ਪੰਥ ਵਿੱਚ ਬੱਜਰ-ਕੁਰਹਿਤ ਹੈ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਗੁਰਦੁਆਰਾ ਸਾਹਿਬ 'ਚ ਭੰਨਤੋੜ ਅਤੇ ਕੁਰਸੀਆਂ ਸਾੜਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਨਿਹੰਗ ਸਿੰਘਾਂ ਨੇ ਗੁਰੂ ਤੇਗ਼ ਬਹਾਦਰ ਨਗਰ 'ਚ ਚੌਕ ਨੇੜੇ ਸਿਗਰਟਾਂ ਅਤੇ ਤੰਬਾਕੂ ਦੇ ਸਾਰੇ ਖੋਖਿਆਂ ਤੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢ ਸਾੜ ਦਿੱਤਾ।

ਗੁਰਦੁਆਰੇ 'ਚੋਂ ਕੁਰਸੀਆਂ-ਸੋਫੇ ਰੱਖਣ ਤੇ ਭੜਕਿਆ ਸਿੱਖ ਸੰਗਠਨ

'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਖ ਵੱਖ ਗੁਰਦੁਆਰਿਆਂ ਦਾ ਦੌਰਾ ਕਰਦੇ ਹੋਏ ਆਪਣੇ ਸਮਰਥਕਾਂ ਦੇ ਨਾਲ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੇ। ਇਸ ਤੋਂ ਬਾਅਦ ਸਿੱਖ ਸੰਗਠਨ ਦੇ ਸਮਰਥਕ ਗੁਰੂ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਗੁਰੂ ਘਰ ਵਿੱਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਵੇਖ ਕੇ ਭੜਕ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਫਿਆਂ ਅਤੇ ਕੁਰਸੀਆਂ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ...

Related Post