PTC News
Search

ਅੰਮ੍ਰਿਤਸਰ ਚ ਨਿਹੰਗ ਬਾਣੇ ਚ ਵਿਅਕਤੀਆਂ ਵਲੋਂ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ, ਨਸ਼ਾ ਵੇਚਣ ਦਾ ਲਗਾਇਆ ਦੋਸ਼

ਕਥਿਤ ਤੌਰ ’ਤੇ ਨਸ਼ਾ ਵੇਚਣ ਦੇ ਲਗਾਏ ਗਏ ਦੋਸ਼ਾਂ ਦੀ ਵੀ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ

By  Jaswinder Kaur October 6th 2026 10:45 AM

ਨਿਹੰਗ ਬਾਣੇ 'ਚ ਵਿਅਕਤੀਆਂ ਵਲੋਂ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ : ਅੰਮ੍ਰਿਤਸਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਰੀਬ 20 ਸਕਿੰਟ ਦੇ ਇਸ ਵੀਡੀਓ ਵਿੱਚ ਤਿੰਨ ਵਿਅਕਤੀ (ਜੋ ਨਿਹੰਗ ਬਾਣੇ 'ਚ ਹਨ) ਨੇ ਇੱਕ ਨੌਜਵਾਨ ਨੂੰ ਆਪਣੇ ਵਿਚਕਾਰ ਖੜ੍ਹਾ ਕਰਕੇ ਉਸ ਦੇ ਦੋਵੇਂ ਹੱਥ ਫੜੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਨਿਹੰਗ ਬਾਣੇ ਵਾਲਾ ਵਿਅਕਤੀ ਉਕਤ ਨੌਜਵਾਨ ਦੀ ਡੰਡੇ ਨਾਲ ਕੁੱਟਮਾਰ ਕਰਦਾ ਹੈ , ਜਦਕਿ ਬਾਅਦ ਵਿੱਚ ਦੋਵੇਂ ਨਿਹੰਗ ਉਸ ਨੂੰ ਥੱਪੜ ਮਾਰਦੇ ਵੀ ਨਜ਼ਰ ਆ ਰਹੇ ਹਨ।

ਜਾਣਕਾਰੀ ਮੁਤਾਬਕ ਇਹ ਵੀਡੀਓ ਦਸ਼ਮੇਸ਼ ਤਰਨਾ ਦਲ ਦੇ ਨਿਹੰਗ ਬਾਬਾ ਗੁਰਦੀਪ ਸਿੰਘ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤਾ ਗਿਆ ਹੈ।

ਵੀਡੀਓ ਬਾਰੇ ਨਿਹੰਗ ਬਾਬਾ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਉਸ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚੇ ਜਾਣ ਦੀ ਸੂਚਨਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀ ਨਿਹੰਗਾਂ ਨੂੰ ਮਿਲੀ ਸੀ। ਉਨ੍ਹਾਂ ਮੁਤਾਬਕ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਅਕਤੀ ਨੇ ਗੁਪਤ ਤੌਰ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਨਿਹੰਗਾਂ ਵੱਲੋਂ ਨੌਜਵਾਨ ਖ਼ਿਲਾਫ਼ ਕਾਰਵਾਈ ਕੀਤੀ ਗਈ।

ਨਿਹੰਗ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਅੰਮ੍ਰਿਤਸਰ ਦੇ ਕਿਸੇ ਪਿੰਡ ਦਾ ਹੈ। ਹਾਲਾਂਕਿ, ਜਦੋਂ ਉਨ੍ਹਾਂ ਤੋਂ ਪਿੰਡ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਕਈ ਮਾਮਲਿਆਂ ਬਾਰੇ ਗੁਪਤ ਤੌਰ ’ਤੇ ਜਾਣਕਾਰੀ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ।

ਫਿਲਹਾਲ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨ ਦੀ ਪਛਾਣ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ, ਉਸ ਵੱਲੋਂ ਕਥਿਤ ਤੌਰ ’ਤੇ ਨਸ਼ਾ ਵੇਚਣ ਦੇ ਲਗਾਏ ਗਏ ਦੋਸ਼ਾਂ ਦੀ ਵੀ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ।

20 ਸਕਿੰਟ ਦੇ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਦੋ ਵਿਅਕਤੀ (ਜੋ ਨਿਹੰਗ ਬਾਣੇ 'ਚ ਹਨ) ਉਕਤ ਨੌਜਵਾਨ ਦੀਆਂ ਦੋਵੇਂ ਬਾਹਾਂ ਫੜ ਕੇ ਖੜ੍ਹੇ ਹਨ। ਇਸ ਦੌਰਾਨ ਤੀਜਾ ਵਿਅਕਤੀ (ਨਿਹੰਗ ਬਾਣੇ ਵਾਲਾ) ਉਸ ਨੌਜਵਾਨ ਨੂੰ ਡੰਡੇ ਨਾਲ ਮਾਰਦਾ ਹੈ। ਇਸ ਤੋਂ ਬਾਅਦ ਨੌਜਵਾਨ ਨੂੰ ਫੜ ਕੇ ਖੜ੍ਹੇ ਦੋਵੇਂ ਨਿਹੰਗ ਬਾਣੇ ਵਾਲੇ ਵੀ ਉਸ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਨਿਹੰਗ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਦਸ਼ਮੇਸ਼ ਤਰਨਾ ਦਲ ਵੱਲੋਂ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਸ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਸਿੱਖ ਸੰਗਤ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਵੀਡੀਓ ਅਤੇ ਹੋਰ ਮਾਧਿਅਮਾਂ ਰਾਹੀਂ ਵੀ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਕੇ ਆਮ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ੇ ਦੀ ਗ੍ਰਿਫ਼ਤ ਤੋਂ ਖੁਦ ਬਾਹਰ ਨਹੀਂ ਆ ਸਕਦੇ, ਉਨ੍ਹਾਂ ਨਾਲ ਸੰਪਰਕ ਕਰਕੇ ਸਮਝਾਇਆ ਜਾਂਦਾ ਹੈ ਅਤੇ ਮੁੜ ਆਮ ਜੀਵਨ ਵੱਲ ਪਰਤਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਬਾਬਾ ਗੁਰਦੀਪ ਸਿੰਘ ਨੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਛੱਡਣ ਅਤੇ ਆਪਣੀ ਜ਼ਿੰਦਗੀ ਨੂੰ ਸਹੀ ਰਾਹ ’ਤੇ ਲਿਆਉਣ। ਉਨ੍ਹਾਂ ਕਿਹਾ ਕਿ ਨਸ਼ੇ ਦੀ ਬਿਮਾਰੀ ਦਾ ਅੰਤ ਮੌਤ ਤੱਕ ਹੋ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡਣ ਲਈ ਤਿਆਰ ਨਹੀਂ ਹਨ, ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ, ਵਾਇਰਲ ਵੀਡੀਓ ਵਿੱਚ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਅਤੇ ਉਸ ’ਤੇ ਲਗਾਏ ਗਏ ਨਸ਼ਾ ਵੇਚਣ ਦੇ ਦੋਸ਼ਾਂ ਬਾਰੇ ਪੁਲਿਸ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਵੱਲੋਂ ਅਧਿਕਾਰਤ ਬਿਆਨ ਸਾਹਮਣੇ ਆਉਣਾ ਹਾਲੇ ਬਾਕੀ ਹੈ।


Related Post