ਪੰਜਾਬੀ ਨੌਜਵਾਨ ਨੇ ਜਹਾਜ਼ 'ਚ ਕੀਤਾ ਅਜਿਹਾ ਕੰਮ ,ਸ੍ਰੀਨਗਰ ਦੇ ਹਵਾਈ ਅੱਡੇ `ਤੇ ਗ੍ਰਿਫ਼ਤਾਰ

By  Shanker Badra July 25th 2018 05:22 PM

ਪੰਜਾਬੀ ਨੌਜਵਾਨ ਨੇ ਜਹਾਜ਼ 'ਚ ਕੀਤਾ ਅਜਿਹਾ ਕੰਮ ,ਸ੍ਰੀਨਗਰ ਦੇ ਹਵਾਈ ਅੱਡੇ `ਤੇ ਗ੍ਰਿਫ਼ਤਾਰ:ਚੰਡੀਗੜ੍ਹ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਏਅਰਲਾਈਨਜ਼ 'ਚ ਇੱਕ ਯਾਤਰੀ ਨੇ ਮੰਗਲਵਾਰ ਨੂੰ ਅਚਾਨਕ ਚੀਕਣਾ ਸ਼ੁਰੂ ਕਰ ਦਿੱਤਾ ਕਿ ਇਹ ਉਡਾਣ ਅਗ਼ਵਾ ਹੋ ਗਈ ਹੈ।ਸ੍ਰੀਨਗਰ ਦੇ ਕੌਮਾਂਤਰੀ ਹਵਾਈ ਅੱਡੇ `ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇਹ ਯਾਤਰੀ ਪੰਜਾਬ ਤੋਂ ਸੀ ਤੇ ਉਹ ਅਚਾਨਕ ਖੜ੍ਹਾ ਹੋ ਗਿਆ ਤੇ ਸਾਰੇ ਯਾਤਰੀਆਂ ਨੂੰ ਚੀਕ ਕੇ ਆਖਣ ਲੱਗਾ ਕਿ ਇਹ ਉਡਾਣ ਅਗ਼ਵਾ ਹੋ ਗਈ ਹੈ ਤੇ ਉਦੋਂ ਤੱਕ ਕੋਈ ਵੀ ਆਪਣੀਆਂ ਸੀਟ-ਬੈਲਟਾਂ ਨਾ ਖੋਲ੍ਹੇ, ਜਦੋਂ ਤੱਕ ਕਿ ਅਜਿਹਾ ਕਰਨ ਲਈ ਆਖਿਆ ਨਹੀਂ ਜਾਂਦਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਡਾਣ ਦੇ ਸਟਾਫ਼ ਮੈਂਬਰਾਂ ਨੇ ਉਸ ਯਾਤਰੀ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ ਸੀ,ਜਿਸ ਕਰ ਕੇ ਜਿਵੇਂ ਹੀ ਉਡਾਣ ਸ੍ਰੀਨਗਰ ਦੇ ਹਵਾਈ ਅੱਡੇ `ਤੇ ਆ ਕੇ ਰੁਕੀ, ਤਿਵੇਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਈ.ਏ.ਐੱਨ.ਐੱਸ.ਅਨੁਸਾਰ ਜਹਾਜ਼ ਅਗ਼ਵਾ ਦੀ ਇਹ ਧਮਕੀ ਕੋਈ ਮਜ਼ਾਕ ਵੀ ਹੋ ਸਕਦਾ ਹੈ ਪਰ ਉਂਝ ਉਸ ਯਾਤਰੀ ਦਾ ਪਿਛੋਕੜ ਤੇ ਹੋਰ ਵੇਰਵੇ ਚੈੱਕ ਕੀਤੇ ਜਾ ਰਹੇ ਹਨ। -PTCNews

Related Post