ਰਾਜਪੁਰਾ, ਜਲੰਧਰ ਅਤੇ ਅੰਮ੍ਰਿਤਸਰ'ਚ ਮਿਲੇ ਨਵੇਂ ਕੋਰੋਨਾ ਪਾਜ਼ੀਟਿਵ ਕੇਸ, ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 278

By  Shanker Badra April 23rd 2020 10:46 AM

ਰਾਜਪੁਰਾ, ਜਲੰਧਰ ਅਤੇ ਅੰਮ੍ਰਿਤਸਰ'ਚ ਮਿਲੇ ਨਵੇਂ ਕੋਰੋਨਾ ਪਾਜ਼ੀਟਿਵ ਕੇਸ, ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 278:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ 'ਚ ਕੁਝ ਦਿਨ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਹੌਲੀ ਰਫ਼ਤਾਰ ਤੋਂ ਬਾਅਦ ਬੁੱਧਵਾਰ ਨੂੰ ਇਕੱਠੇ 21 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਨ੍ਹਾਂ 'ਚੋਂ 18 ਪਟਿਆਲੇ ਦੇ ਰਾਜਪੁਰਾ 'ਚ ਮਿਲੇ ਹਨ,ਜਿਹੜੇ ਇਕ ਪ੍ਰਾਈਵੇਟ ਹਸਪਤਾਲ ਦੇ ਪਾਜ਼ੀਟਿਵ ਪਾਏ ਗਏ ਡਾਕਟਰ ਦੇ ਸੰਪਰਕ 'ਚ ਆਏ ਸਨ। ਉੱਥੇ ਅੰਮ੍ਰਿਤਸਰ ਦੇ ਕ੍ਰਿਸ਼ਨਾਨਗਰ 'ਚ ਵੀ 12 ਦਿਨਾਂ ਬਾਅਦ 2 ਨਵੇਂ ਕੇਸ ਆਏ ਹਨ। ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਕਸਬੇ 'ਚੋਂਬੁੱਧਵਾਰ ਦੇਰ ਰਾਤ ਕੋਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਜਪੁਰਾ 'ਚ ਕੋਰੋਨਾ ਵਾਇਰਸ ਦੇ 12 ਪਾਜ਼ੀਟਿਵ ਮਰੀਜ਼ ਮਿਲੇ ਸਨ। ਹੁਣ ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਉਧਰ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 49 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਦੇ ਚੱਲਦਿਆਂ ਪਟਿਆਲਾ ਜ਼ਿਲ੍ਹੇ ਵਿਚ 18 ਹੋਰ ਪਾਜ਼ੀਟਿਵ ਕੋਰੋਨਾ ਕੇਸ ਪਾਏ ਜਾਣ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਕੀਤੀ ਹੈ। ਅੰਮ੍ਰਿਤਸਰ ਵਿੱਚ ਪਿਛਲੇ 12 ਦਿਨਾਂ ਤੋਂ ਕੋਈ ਵੀ ਪਾਜ਼ੀਟਿਵ ਕੇਸ ਨਾ ਆਉਣ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਸੀ ਪਰ ਬੁੱਧਵਾਰ ਨੂੰ 2 ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਤੋਂ ਨੈਗੇਟਿਵ ਜਾ ਰਹੇ ਦਿਨਾਂ ਦੀ ਲੜੀ ਫਿਰ ਟੁੱਟ ਗਈ ਹੈ। ਇਹ 2 ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 13 ਹੋ ਗਈ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਨਗਰ ਨਿਵਾਸੀ ਬਸੰਤ ਕੁਮਾਰ (68), ਸੰਦੀਪ ਕੁਮਾਰ (37) ਪਾਜ਼ੀਟਿਵ ਪਾਏ ਗਏ ਹਨ। ਓਧਰ ਚੰਡੀਗੜ੍ਹ ਦੇ ਪੀਜੀਆਈ 'ਚ ਬੁੱਧਵਾਰ ਨੂੰ 6 ਮਹੀਨੇ ਦੀ ਬੱਚੀ ਰਿਤਿਕਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਸ ਨੂੰ 9 ਅਪ੍ਰੈਲ ਨੂੰ ਦਾਖ਼ਲ ਕਰਵਾਇਆ ਗਿਆ ਸੀ। ਬੱਚੀ ਰਿਤਿਕਾ ਕਪੂਰਥਲਾ ਦੇ ਫਗਵਾੜਾ ਦੀ ਰਹਿਣ ਵਾਲੀ ਹੈ। ਬੱਚੀ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਪੀਡੀਆਟਿ੍ਕ ਸੈਂਟਰ ਦੇ ਕੁਲ 18 ਡਾਕਟਰ, 15 ਨਰਸਿੰਗ ਆਫੀਸਰ, 13 ਸਟਾਫ ਅਟੈਂਡੈਂਟ, ਦੋ ਫਿਜ਼ੀਓਥੇਰੈਪਿਸਟ, 6 ਐਕਸਰੇ ਟੈਕਨੀਸ਼ੀਅਨਾਂ ਸਮੇਤ 54 ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਜਲੰਧਰ 'ਚ ਬੁੱਧਵਾਰ ਸ਼ਾਂਤੀ ਰਹਿਣ ਤੋਂ ਬਾਅਦ ਅੱਜ ਸਵੇਰੇ ਹੀ ਇਕ ਹੋਰ ਕੋਰੋਨਾ ਪੀੜਤ ਮਰੀਜ਼ ਮਿਲਣ ਦੀ ਪੁਸ਼ਟੀ ਹੋ ਗਈ ਹੈ, ਜਿਸ ਨਾਲ ਪੀੜਤਾਂ ਦੀ ਗਿਣਤੀ 54 ਹੋਈ ਹੈ। ਅੱਜ ਮਿਲੀ 65 ਸਾਲ ਦੀ ਮਰੀਜ਼ ਮਕਸੂਦਾਂ ਦੇ ਖੇਤਰ ਦੀ ਰਹਿਣ ਵਾਲੀ ਹੈ, ਜੋ ਪਹਿਲਾਂ ਮਿਲੇ ਇਕ ਅਦਾਰੇ ਦੇ ਪਾਜ਼ੀਟਿਵ ਮਰੀਜ਼ ਦੇ ਸੰਪਰਕ 'ਚ ਸੀ।ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 54 ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 278 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 62, ਜਲੰਧਰ – 54, ਪਟਿਆਲਾ – 49, ਪਠਾਨਕੋਟ – 24 , ਨਵਾਂਸ਼ਹਿਰ – 19 , ਲੁਧਿਆਣਾ – 16, ਅੰਮ੍ਰਿਤਸਰ – 13 , ਮਾਨਸਾ – 11, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 16 ਮੌਤਾਂ ਹੋ ਚੁੱਕੀਆਂ ਹਨ ਅਤੇ 58 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post