ਭਾਰੀ ਮੀਹਂ ਕਾਰਨ ਪੰਜਾਬ 'ਚ ਦੋ ਥਾਵਾਂ 'ਤੇ ਡਿੱਗੀਆਂ ਛੱਤਾਂ; 2 ਮੌਤਾਂ ਸਣੇ ਕਈ ਜ਼ਖਮੀ

By  Jasmeet Singh August 7th 2022 07:09 PM

ਬਠਿੰਡਾ/ਸ੍ਰੀ ਮੁਕਤਸਰ ਸਾਹਿਬ, 7 ਅਗਸਤ: ਬਠਿੰਡਾ 'ਚ ਪਿੰਡ ਗਿੱਲਪੱਤੀ ਵਿਖੇ ਬਾਅਦ ਦੁਪਹਿਰ ਵਾਪਰੇ ਹਾਦਸੇ ਵਿੱਚ ਛੋਟੇ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਸਿਲ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਵਾਸੀ ਗਿੱਲਪੱਤੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੁਖਚੈਨ ਸਿੰਘ, ਜਿਸ ਦੀ ਉਮਰ ਮਹਿਜ਼ ਦੋ ਸਾਲ ਸੀ ਘਰੇ ਸੁੱਤਾ ਪਿਆ ਸੀ। ਇਸ ਦੌਰਾਨ ਹੀ ਮਕਾਨ ਦੀ ਛੱਤ ਅਚਾਨਕ ਡਿੱਗ ਗਈ ਅਤੇ ਮਲਬੇ ਵਿੱਚ ਦੱਬੇ ਸੁਖਚੈਨ ਨੂੰ ਬਾਹਰ ਕੱਢ ਬਠਿੰਡਾ ਦੇ ਹਸਪਤਾਲ ਲੈ ਜਾਇਆ ਗਿਆ।

ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਪਰ ਉੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀ ਛੱਤ ਦੀ ਹਾਲਤ ਖਸਤਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਇਹ ਹਾਦਸਾ ਵਾਪਰਿਆ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

ਉੱਥੇ ਹੀ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਰਘੂਨਾਥ ਮੰਦਰ ਦੇ ਨਾਲ ਚੱਕੀ ਤੇ ਕੋਹਲੂ ਨਾਲ ਸਰੋਂ ਦਾ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿੱਗਣ ਨਾਲ ਉਸਦੀ ਮੌਤ ਹੋ ਗਈ ਹੈ। ਇਸ ਹਾਦਸੇ ਦੌਰਾਨ ਦੁਕਾਨ ਅੰਦਰ ਮੌਜੂਦ ਇਕ ਗ੍ਰਾਹਕ ਤੇ ਮਜਦੂਰ ਵੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰਿਖੀ ਰਾਮ ਦੇ ਨਿਵਾਸੀ ਅਤੇ ਮੰਦਰ ਦੇ ਨਾਲ ਬੋਹੜ ਵਾਲੀ ਚੱਕੀ ਦੇ ਮਾਲਕ ਦੁਕਾਨਦਾਰ ਜਗਦੀਸ਼ ਕੁਮਾਰ ਉਰਫ ਨੀਲਾ ਆਪਣੀ ਦੁਕਾਨ ’ਤੇ ਗ੍ਰਾਹਕ ਲਈ ਕੋਹਲੂ ਤੋਂ ਤੇਲ ਕੱਢ ਰਿਹਾ ਸੀ।

ਇਸ ਸਮੇਂ ਦੁਕਾਨ ’ਤੇ ਉਸਦਾ ਬੇਟਾ ਵੀ ਮੌਜੂਦ ਸੀ। ਜਦਕਿ ਮੀਂਹ ਦੇ ਮੌਸਮ ਦੇ ਚੱਲਦਿਆਂ ਦੁਕਾਨ ’ਤੇ ਦੋ ਮਜਦੂਰ ਵੀ ਛੱਤ ਰਿਪੇਅਰਿੰਗ ਦਾ ਕੰਮ ਕਰ ਰਹੇ ਸਨ। ਅਚਾਨਕ ਛੱਤ ਥੱਲੇ ਡਿਗ ਗਈ, ਜਿਸਦੇ ਚੱਲਦਿਆਂ ਦੁਕਾਨਦਾਰ ਨੀਲਾ ਮਲਬੇ ਹੇਠਾਂ ਆ ਗਿਆ ਅਤੇ ਗ੍ਰਾਹਕ ਰਮੇਸ਼ ਕੁਮਾਰ ਵਾਸੀ ਗੋਬਿੰਦ ਨਗਰੀ ਦੀ ਬਾਂਹ ਅਤੇ ਲੱਤ ’ਤੇ ਸੱਟਾਂ ਆਈਆਂ। ਜਿਸਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ।

ਇਸ ਦੌਰਾਨ ਇਕ ਮਜਦੂਰ ਵੀ ਜ਼ਖਮੀ ਹੋ ਗਿਆ। ਮੌਕੇ ’ਤੇ ਦੁਕਾਨਦਾਰਾ ਨੂੰ ਮਲਬੇ ’ਚੋਂ ਕੱਢ ਜਲਾਲਾਬਾਦ ਰੋਡ ਸਥਿਤ ਦਿੱਲੀ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਗਦੀਸ਼ ਕੁਮਾਰ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਕੇਂਦਰ ਵੱਲੋਂ ਰਾਸ਼ਨ ਕਾਰਡ ਜਾਰੀ ਕਰਨ ਲਈ ਨਵੀਂ ਰਜਿਸਟ੍ਰੇਸ਼ਨ ਸੇਵਾ ਦੀ ਸ਼ੁਰੂਆਤ

-PTC News

Related Post