ਪੰਜਾਬ 'ਚ ਇੱਕ ਮਹੀਨੇ 'ਚ ਡਕਾਰੀ ਗਈ ਕਰੋੜਾਂ ਦੀ ਸ਼ਰਾਬ , ਮਾਰੋ ਅੰਕੜਿਆਂ 'ਤੇ ਝਾਤ

By  Kaveri Joshi June 10th 2020 04:20 PM

ਚੰਡੀਗੜ੍ਹ: ਪੰਜਾਬ 'ਚ ਇੱਕ ਮਹੀਨੇ 'ਚ ਡਕਾਰੀ ਗਈ ਕਰੋੜਾਂ ਦੀ ਸ਼ਰਾਬ , ਮਾਰੋ ਅੰਕੜਿਆਂ 'ਤੇ ਝਾਤ : ਸ਼ਰਾਬ ਦੀ ਵਿਕਰੀ ਦੀ ਇਜ਼ਾਜ਼ਤ ਮਿਲਣ ਉਪਰੰਤ ਠੇਕਿਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਤੋਂ ਹੀ ਸਪੱਸ਼ਟ ਸੀ ਕਿ ਸ਼ਰਾਬ ਪੀਣ ਦੇ ਚਾਹਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ । ਲੰਮਾ ਸਮਾਂ ਲੌਕਡਾਊਨ ਕਰਕੇ ਸਭ ਬੰਦ ਰਿਹਾ , ਪਰ ਕੇਂਦਰ ਸਰਕਾਰ ਵਲੋਂ ਆਗਿਆ ਮਿਲ ਜਾਣ 'ਤੇ ਬਾਕੀ ਸੂਬਿਆਂ ਵਾਂਗ ਪੰਜਾਬ 'ਚ ਵੀ 8 ਮਈ ਨੂੰ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਸਨ । ਦੱਸ ਦੇਈਏ ਕਿ ਪੰਜਾਬ 'ਚ ਇੱਕ ਮਹੀਨੇ 'ਚ ਕਰੋੜਾਂ ਦੀ ਸ਼ਰਾਬ ਵੇਚੀ ਗਈ ਹੈ ।

ਮਿਲੀ ਜਾਣਕਾਰੀ ਮੁਤਾਬਿਕ ਸ਼ਰਾਬ ਜ਼ਿਆਦਾਤਰ ਸੂਬੇ ਦੇ ਪੇਂਡੂ ਖੇਤਰਾਂ 'ਚ ਵਿਕੀ , ਜਦਕਿ ਸ਼ਹਿਰੀ ਖੇਤਰਾਂ 'ਚ ਵਿਕਰੀ ਘੱਟ ਦਰਜ ਕੀਤੀ ਗਈ । ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਫੋਕਲ ਪੁਆਇੰਟ ਵਿਖੇ ਸ਼ਰਾਬ ਦੀ ਵਿਕਰੀ ਓਨੀ ਨਹੀਂ ਹੋਈ ।

ਦੱਸ ਦੇਈਏ ਕਿ ਸਰਕਾਰ ਨੂੰ ਇਸ ਮਹੀਨੇ ਸ਼ਰਾਬ ਤੋਂ ਲੱਗਭਗ 15 ਤੋਂ 17 ਫੀਸਦ ਮਾਲੀਆ ਘੱਟ ਮਿਲਣ ਦੀ ਖਬਰ ਹੈ , ਜਦਕਿ ਹਰ ਮਹੀਨੇ ਦਾ ਹਿਸਾਬ ਲੈ ਕੇ ਚੱਲੀਏ ਤਾਂ ਸਰਕਾਰ ਹਰ ਮਹੀਨੇ ਸ਼ਰਾਬ ਤੋਂ 500 ਕਰੋੜ ਰੁਪਏ ਦਾ ਮਾਲੀਆ ਵਸੂਲਦੀ ਹੈ , ਪਰ ਐਤਕੀਂ ਜਿਸ ਹਿਸਾਬ ਨਾਲ ਵਿਕਰੀ ਹੋਈ ਉਸ ਅਨੁਸਾਰ ਇਸ ਮਹੀਨੇ ਦੇ ਹਿਸਾਬ ਨਾਲ ਸਰਕਾਰ ਨੂੰ 430 ਕਰੋੜ ਰੁਪਏ ਦਾ ਮਾਲੀਆ ਮਿਲਣ ਦੇ ਆਸਾਰ ਹਨ ।

ਜ਼ਿਕਰਯੋਗ ਹੈ ਕਿ ਸ਼ਰਾਬ ਦੀ ਵਿਕਰੀ ਵਿਚ ਲੁਧਿਆਣਾ ਸਭ ਤੋਂ ਅੱਗੇ ਹੈ , ਜਦਕਿ ਤਰਨ ਤਾਰਨ ਵਿਚ ਸਭ ਤੋਂ ਘੱਟ ਸ਼ਰਾਬ ਦੀ ਖਪਤ ਸਾਹਮਣੇ ਆਈ ਹੈ । ਦੱਸਣਯੋਗ ਹੈ ਕਿ ਜਿੱਥੇ ਸ਼ਰਾਬ ਦੀ ਵਿਕਰੀ ਘੱਟ ਹੋਈ ਉਥੇ ਲੇਬਰ ਆਪਣੇ ਘਰਾਂ ਨੂੰ ਵਾਪਸ ਚਲੀ ਗਈ ਹੈ, ਜਿਸ ਕਾਰਨ ਸ਼ਰਾਬ ਵਿਕ ਜ਼ਿਆਦਾ ਨਹੀਂ ਵਿਕ ਸਕੀ ।

ਗੱਲ ਕਰੀਏ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਦੀ, ਤਾਂ ਇੱਥੇ ਵੀ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ , ਇਸ ਲਈ ਇੱਥੇ ਸ਼ਰਾਬ ਘੱਟ ਵਿਕੀ ਹੈ , ਜਾਂ ਕਹਿ ਲਓ ਕਿ ਉਸ ਹਿਸਾਬ ਨਾਲ ਨਹੀਂ ਵਿਕੀ , ਜਿਵੇਂ ਕਿ ਅੱਗੇ ਵਿਕਦੀ ਹੈ ।

3 ਕਰੋੜ ਦੀ ਅਬਾਦੀ ਵਾਲੇ ਸੂਬੇ 'ਚ ਪ੍ਰਵਾਸੀਆਂ ਦੀ ਘਰ ਵਾਪਸੀ ਕਾਰਨ ਸ਼ਰਾਬ ਨਹੀਂ ਵਿਕੀ , ਅੰਕੜਿਆਂ ਦੇ ਹਿਸਾਬ ਨਾਲ ਪੇਂਡੂ ਖੇਤਰਾਂ 'ਚ ਵਿਕੀ ਸ਼ਰਾਬ ਦੀ ਵਿਕਰੀ ਪੰਜਾਬੀਆਂ ਕਾਰਨ ਹੋਈ ਹੈ , ਇਸ ਲਈ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਇੰਨੇ ਕਰੋੜਾਂ ਦਾ ਮਾਲੀਆ ਦਿਵਾਉਣ ਵਾਲੇ ਪੰਜਾਬ ਦੇ ਸ਼ਰਾਬੀਆਂ ਨੇ ਇੱਕ ਮਹੀਨੇ 'ਚ ਵਾਹਵਾ ਸ਼ਰਾਬ ਡਕਾਰੀ ਹੈ । ਮਾਲੀਆ ਘਟਣ ਦਾ ਇਹ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਵਲੋਂ ਠੇਕੇਦਾਰੀ ਕਾਰਨ ਠੇਕੇਦਾਰਾਂ ਲਈ ਸ਼ਰਾਬ, ਬੀਅਰ ਤੇ ਦੇਸੀ ਸ਼ਰਾਬ ਦੇ ਕੋਟੇ ਨੂੰ 10 ਫੀਸਦ ਘਟਾ ਦਿੱਤਾ ਹੈ।

Related Post