ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸੰਗਤਾਂ ਵੱਲੋਂ ਲੰਗਰ ਲਈ 922 ਕੁਇੰਟਲ ਕਣਕ ਭੇਟ

By  Shanker Badra May 29th 2020 02:30 PM

ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸੰਗਤਾਂ ਵੱਲੋਂ ਲੰਗਰ ਲਈ 922 ਕੁਇੰਟਲ ਕਣਕ ਭੇਟ:ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਹਲਕਾ ਮਜੀਠਾ ਦੀਆਂ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 922 ਕੁਇੰਟਲ ਕਣਕ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਦੀ ਮਦਦ ਲਈ ਨਿਭਾਈਆਂ ਲੰਗਰ ਸੇਵਾਵਾਂ ਨੂੰ ਵੇਖਦਿਆਂ ਸੰਗਤਾਂ ਵੱਲੋਂ ਵੱਡੀ ਪੱਧਰ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਕਣਕ ਸਮੇਤ ਹੋਰ ਰਸਦਾਂ ਅਤੇ ਮਾਇਆ ਭੇਜੀ ਜਾ ਰਹੀ ਹੈ। ਇਸੇ ਤਹਿਤ ਹੀ ਹਲਕਾ ਮਜੀਠਾ ਦੀਆਂ ਸੰਗਤਾਂ ਵੱਲੋਂ ਵੀ ਇਕੱਤਰ ਕੀਤੀ ਗਈ ਕਣਕ ਸ੍ਰੀ ਦਰਬਾਰ ਸਾਹਿਬ ਵਿਖੇ ਭੇਜੀ ਗਈ।

ਸੰਗਤਾਂ ਨਾਲ ਕਣਕ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਦੀ ਮਰਯਾਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਸਥਾਨ ਰੱਖਦੀ ਹੈ। ਗੁਰੂ ਘਰਾਂ ਤੋਂ ਬਿਨਾ ਭੇਦ-ਭਾਵ ਦੇ ਹਰ ਇਕ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਕੋਰੋਨਾ ਦੌਰਾਨ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦਾਂ ਲਈ ਕੀਤੀ ਗਈ ਲੰਗਰ ਸੇਵਾ ਮਿਸਾਲੀ ਹੈ।

ਇਸ ਨਾਲ ਪੂਰੇ ਵਿਸ਼ਵ ਵਿਚ ਸਿੱਖ ਕੌਮ ਦੀ ਪ੍ਰਸ਼ੰਸਾ ਹੋਈ ਹੈ। ਉਨ੍ਹਾਂ ਇਸ ਸੰਕਟ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਲੰਗਰ ਸੇਵਾ ਵਿਚ ਵੱਧ ਤੋਂ ਵੱਧ ਯੋਗਦਾਨ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਸ. ਮਜੀਠੀਆ ਨੇ ਹਲਕੇ ਦੀਆਂ ਸੰਗਤਾਂ ਵੱਲੋਂ ਕਣਕ ਸੇਵਾ ਵਿਚ ਪਾਏ ਯੋਗਦਾਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

-PTCNews

Related Post