ਸਕੂਲ ਟੀਚਰਾਂ 'ਤੇ ਹੋਇਆ ਹਮਲਾ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

By  Jasmeet Singh August 31st 2022 09:21 PM -- Updated: August 31st 2022 09:25 PM

ਡੇਰਾ ਬਾਬਾ ਨਾਨਕ, 31 ਅਗਸਤ: ਪੰਜਾਬ 'ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜਿੱਥੇ ਦਿਨ ਦਿਹਾੜੇ ਆਮ ਲੋਕਾਂ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ ਉੱਥੇ ਹੀ ਹਰ ਦਿਨ ਗੁੰਡਾਗਰਦੀ ਅਤੇ ਕਤਲੋਗਾਰਤ ਦੀਆਂ ਵਾਰਦਾਤਾਂ ਵੀ ਸਾਮਣੇ ਆ ਰਹੀਆਂ ਹਨ।

ਇਕ ਇਹੋ ਜਿਹੀ ਵਾਰਦਾਤ ਸਾਹਮਣੇ ਆਈ ਹੈ ਕਸਬਾ ਡੇਰਾ ਬਾਬਾ ਨਾਨਕ ਤੋਂ ਜਿੱਥੇ ਸਨਮਾਨਯੋਗ ਰੁਤਬਾ ਰੱਖਣ ਵਾਲੇ ਅਧਿਆਪਕ ਵਰਗ ਉੱਪਰ ਵੀ ਜਾਨਲੇਵਾ ਹਮਲਾ ਹੋਇਆ। ਬੀਤੀ 28 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦੇ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਦੀ ਗੱਡੀ ਉੱਪਰ ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਮਾਰਗ ਨੇੜੇ ਪੁਲ ਕੋਲ 8 ਤੋਂ 10 ਤੇਜ਼ਧਾਰ ਹਥਿਆਰਬੰਦ ਨੌਜਵਾਨ ਵੱਲੋਂ ਹਮਲਾ ਕਰ ਦਿੱਤਾ ਗਿਆ।

ਪਹਿਲਾਂ ਉਨ੍ਹਾਂ ਹਮਲਾ ਕਰ ਗੱਡੀ ਰੋਕੀ, ਉਸ ਤੋਂ ਬਾਅਦ ਗੱਡੀ ਦੀ ਭੰਨਤੋੜ ਕੀਤੀ ਅਤੇ ਗੱਡੀ 'ਚ ਸਵਾਰ ਟੀਚਰਾਂ 'ਚੋਂ ਇਕ ਅਧਿਆਪਕ ਨੂੰ ਜ਼ਖ਼ਮੀ ਵੀ ਕਰ ਦਿੱਤਾ। ਉੱਧਰ ਇਸ ਘਟਨਾ ਨਾਲ ਸਬੰਧਿਤ ਕੁੱਝ ਨੌਜਵਾਨਾਂ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ।

ਇਸ ਸਬੰਧੀ ਸਕੂਲ ਦੇ ਪੀੜਤ ਅਧਿਆਪਕ ਰਜੇਸ਼ ਕੁਮਾਰ ਨੇ ਦੱਸਿਆ ਕਿ 28 ਅਗਸਤ ਨੂੰ ਉਨ੍ਹਾਂ ਦੇ ਸਕੂਲ 'ਚ ਖੇਡ ਮੁਕਾਬਲਾ ਸੀ ਅਤੇ ਖੇਡਾਂ ਕਰਾ ਕੇ ਜਦ ਸਕੂਲ ਵੈਨ ਅਧਿਆਪਕਾ ਨੂੰ ਛੱਡਣ ਜਾ ਰਹੀ ਸੀ ਤਾਂ ਸ਼ਾਹਪੁਰ ਜਾਜਨ ਸੱਕੀ ਪੁਲ 'ਤੇ ਪਹਿਲਾਂ ਤੋਂ ਮੌਜੂਦ 8 ਤੋਂ 10 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੱਡੀ 'ਤੇ ਹਮਲਾ ਕਰ ਦਿੱਤਾ। ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਇਕ ਅਧਿਆਪਕ ਜ਼ਖਮੀ ਵੀ ਹੋ ਗਿਆ।

ਉਨ੍ਹਾਂ ਕਿਹਾ ਕਿ ਉੱਥੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਉਸੇ ਸ਼ਾਮ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਇਸ ਹਮਲੇ ਬਾਰੇ ਸੂਚਿਤ ਕੀਤਾ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅੱਜ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਛੁੱਟੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਸਕੂਲ ਦੇ ਐੱਮਡੀ ਅਰੁਨ ਨੇ ਦੱਸਿਆ ਕਿ ਅੱਜ ਉਨ੍ਹਾਂ ਕੋਲ ਪੁਲਿਸ ਅਧਿਕਾਰੀ ਆਏ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੁਲਿਸ ਨੂੰ ਸ਼ੱਕ ਦੇ ਆਧਾਰ 'ਤੇ ਸਕੂਲ ਦੇ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਦੇ ਨਾਮ ਦਿੱਤੇ ਗਏ ਹਨ।

ਇਸ ਸਬੰਧੀ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪਰਵਾਸੀ ਮਜ਼ਦੂਰਾਂ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਇੱਕ ਪਰਵਾਸੀ ਜ਼ਖ਼ਮੀ

-PTC News

Related Post