ਦਿੱਲੀ ਮੁਰਾਦਾਬਾਦ ਹਾਈਵੇ ’ਤੇ ਬਣੇ ਲੰਗਰ ਹਾਲ ਨੂੰ ਢਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸ਼ਖ਼ਤ ਨੋਟਿਸ

By  Riya Bawa June 7th 2022 04:05 PM

ਅੰਮ੍ਰਿਤਸਰ: ਦਿੱਲੀ, ਮੁਰਾਦਾਬਾਦ ਹਾਈਵੇ ’ਤੇ ਸਥਿਤ ਉੱਤਰ ਪ੍ਰਦੇਸ਼ ਦੇ ਗਾਗਨ ਮਨੋਹਰਪੁਰ ਪਿੰਡ ਵਿਚ ਪ੍ਰਸਾਸ਼ਨ ਵੱਲੋਂ ਸੜਕ ਕਿਨਾਰੇ ਬਣੇ ਲੰਗਰ ਹਾਲ ਅਤੇ ਕੁਝ ਲੋਕਾਂ ਦੇ ਘਰ ਤੋੜਨ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਦੀ ਡਿਊਟੀ ਲਗਾਈ ਹੈ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ  ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਅਖ਼ਬਾਰੀ ਮਧਿਅਮ ਰਾਹੀਂ ਉੱਤਰ ਪ੍ਰਦੇਸ਼ ਵਿਚ ਵਾਪਰੀ ਇਸ ਘਟਨਾ ਦਾ ਪਤਾ ਲਗਾ ਸੀ।

Harjinder Singh Dhami

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਉਕਤ ਮਾਮਲੇ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ  ਬ੍ਰਿਜਪਾਲ ਸਿੰਘ ਦੀ ਡਿਊਟੀ ਲਗਾਈ ਗਈ ਹੈ ਜੋ ਸਾਰੇ ਮਾਮਲੇ ਦੀ ਪੜਤਾਲ ਕਰਕੇ ਦਫ਼ਤਰ ਨੂੰ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਪੁੱਜੀ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਰਮਦਾਸ ਨੇ ਕਿਹਾ ਕਿ ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ ਇਥੇ ਕਾਫੀ ਗਿਣਤੀ ਵਿਚ ਸਿੱਖ ਲੰਮੇ ਸਮੇਂ ਤੋਂ ਵਸੇ ਹੋਏ ਹਨ ਅਤੇ ਇਨ੍ਹਾਂ ਪਾਸ ਜਗ੍ਹਾ ਦਾ ਪਟਾਨਾਮਾ, ਰਸੀਦਾਂ ਤੇ ਜ਼ਰੂਰੀ ਕਾਗਜਾਤ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਜਿਥੇ ਗਰੀਬ ਲੋਕਾਂ ਦੇ ਮਕਾਨ ਢਾਏ ਗਏ ਉਥੇ ਮਾਨਵਤਾ ਦੀ ਸੇਵਾ ਹਿੱਤ ਬਣੇ ਲੰਗਰ ਹਾਲ, ਜਿਸ ਵਿਚ ਰੋਜਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪ੍ਰਸ਼ਾਦਾ ਛਕਦੀਆਂ ਸਨ ਨੂੰ ਵੀ ਢਾਇਆ ਗਿਆ ਹੈ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਇਥੇ ਵਸਦੇ ਸਿੱਖਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

-PTC News

Related Post