ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਲੜਗੀਆਂ ਹਰਿਆਣਾ ਵਿਧਾਨ ਸਭਾ ਚੋਣਾਂ: ਬਲਵਿੰਦਰ ਸਿੰਘ ਭੂੰਦੜ

By  Jashan A August 16th 2019 05:52 PM

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਲੜਗੀਆਂ ਹਰਿਆਣਾ ਵਿਧਾਨ ਸਭਾ ਚੋਣਾਂ: ਬਲਵਿੰਦਰ ਸਿੰਘ ਭੂੰਦੜ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਪਾਰਟੀ ਦੀ ਹਰਿਆਣਾ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਭਾਰਤੀਆ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਲੜੇਗਾ। ਇਸ ਸੰਬੰਧੀ ਦੋਵਾਂ ਪਾਰਟੀ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਹੈ।

ਸੂਬੇ ਅੰਦਰ ਮੈਂਬਰਸ਼ਿਪ ਭਰਤੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਕੀਤੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਭੂੰਦੜ ਨੇ ਕਿਹਾ ਕਿ ਭਾਜਪਾ ਨਾਲ ਚੱਲ ਰਹੀ ਗੱਲਬਾਤ ਬਾਰੇ ਮੈਂਬਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਪਾਰਟੀ ਲੀਡਰਸ਼ਿਪ ਨੇ ਹਰਿਆਣਾ ਦੀ ਅਕਾਲੀ ਲੀਡਰਸ਼ਿਪ ਤੋਂ ਪਾਰਟੀ ਆਗੂਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਵੀ ਫੀਡਬੈਕ ਲਈ ਹੈ।

ਭੂੰਦੜ ਨੇ ਹਰਿਆਣਾ 'ਚ ਚੱਲ ਰਹੀ ਭਰਤੀ ਮੁਹਿੰਮ ਉੱਤੇ ਤਸੱਲੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਜਲਦੀ ਹੀ ਮੁਕੰਮਲ ਹੋਣ ਜਾ ਰਹੀ ਭਰਤੀ ਮੁਹਿੰਮ ਤੋਂ ਪਹਿਲਾਂ ਉਹ ਵੱਧ ਤੋਂ ਵੱਧ ਮੈਂਬਰਾਂ ਦੀ ਭਰਤੀ ਕਰਨ। ਭੂੰਦੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸੰਬੰਧ ਵਿਚ 7 ਸਤੰਬਰ ਨੂੰ ਕੁਰਕੂਸ਼ੇਤਰ ਵਿਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਹਰਿਆਣਾ ਵਿੰਗ ਵੱਲੋਂ ਅਕਾਲੀ ਦਲ ਨੂੰ ਹਰਿਆਣਾ ਵਿਚ ਭਾਜਪਾ ਨਾਲ ਮਿਲ ਕੇ ਲੜੀਆਂ ਜਾਣ ਅਸੰਬਲੀ ਸੀਟਾਂ ਦੀ ਸ਼ਨਾਖਤ ਕਰਨ ਦੀ ਅਪੀਲ

ਇਸ ਜਗ੍ਹਾ ਉੱਤੇ ਅੱਠ ਗੁਰੂ ਸਾਹਿਬਾਨ ਦੇ ਚਰਨ ਪਏ ਹਨ। ਉਹਨਾਂ ਸਾਰੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਇਸ ਇਕੱਠ ਵਿਚ ਆਉਣ ਲਈ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਹਰਿਆਣਾ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਤਕ ਪਹੁੰਚਾਉਣ।

ਅਕਾਲੀ ਦਲ ਦੀ ਹਰਿਆਣਾ ਇਕਾਈ ਦੀ ਇਸ ਮੀਟਿੰਗ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ, ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ, ਜਨਰਲ ਸਕੱਤਰ ਸੁਖਬੀਰ ਸਿੰਘ ਮਾਂਡੀ, ਪਾਰਟੀ ਵਿਧਾਇਕ ਬਲਕੌਰ ਸਿੰਘ, ਐਸਜੀਪੀਸੀ ਦੇ ਮੀਤ ਪ੍ਰਧਾਨ ਰਘਬੀਰ ਸਿੰਘ ਵਿਰਕ, ਸਾਬਕਾ ਐਸਜੀਪੀਸੀ ਮੈਂਬਰ ਬੀਬੀ ਕਰਤਾਰ ਕੌਰ ਅਤੇ ਬੁਲਾਰੇਕੰਵਲਜੀਤ ਸਿੰਘ ਨੇ ਭਾਗ ਲਿਆ।

-PTC News

Related Post