ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਡੀਜੀਪੀ ਨੂੰ ਝੂਠੇ ਕੇਸਾਂ ਦੀ ਸੂਚੀ ਸੌਂਪੀ

By  Joshi August 9th 2017 07:22 PM

(ਡੀਜੀਪੀ ਨੇ ਸਾਰੇ ਕੇਸਾਂ ਦੀ ਜਾਂਚ ਦਾ ਭਰੋਸਾ ਦਿਵਾਇਆ)

Shiromani Akali Dal delegation meets DGP, submits list of false cases to him

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰਦਾਸਪੁਰ ਸੰਸਦੀ ਹਲਕੇ ਵਿਚ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਦਰਜ ਕੀਤੇ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਕੇਸਾਂ ਦੀ ਸੂਚੀ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੂੰ ਸੌਂਪੀ ਅਤੇ ਕਿਹਾ ਕਿ ਇਹਨਾਂ ਸਾਰੇ ਕੇਸਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਕਾਂਗਰਸੀ ਅੱਤਿਆਚਾਰਾਂ ਦੇ ਪੀੜਤਾਂ ਨੂੰ ਇਨਸਾਫ ਮਿਲ ਸਕੇ।

ਵਫਦ ਵਿਚ ਸ਼ਾਮਿਲ ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਸੁੱਚਾ ਸਿੰਘ ਲੰਗਾਹ ਅਤੇ ਸਰਦਾਰ ਲਖਬੀਰ ਸਿੰਘ ਲੋਧੀਨੰਗਲ ਨੇ ਡੀਜੀਪੀ ਨੂੰ ਦੱਸਿਆ ਕਿ ਕਾਂਗਰਸੀ ਵਰਕਰ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਮਾਮਲੇ ਦਰਜ ਕਰਵਾਉਣ ਲਈ ਹੇਠਲੇ ਪੱਧਰ ਉੱਤੇ ਪੁਲਿਸ ਦੀ ਰੱਜ ਕੇ ਦੁਰਵਰਤੋਂ ਕਰ ਰਹੇ ਹਨ। ਉਹਨਾਂ ਨੇ ਬਹੁਤ ਸਾਰੀਆਂ ਮਿਸਾਲਾਂ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਬਟਾਲਾ ਹਲਕਿਆਂ ਵਿਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕਰਵਾਏ ਗਏ ਹਨ। ਆਗੂਆਂ ਨੇ ਇਸ ਮੌਕੇ ਕੁੱਝ ਐਸਐਚਓਜ਼ ਮੱਖਣ ਸਿੰਘ ਅਤੇ ਤਰਸੇਮ ਸਿੰਘ ਦੇ ਨਾਂ ਲਏ, ਜਿਹੜੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਇਸ਼ਾਰੇ ਉੱਤੇ ਬੇਰਹਿਮੀ ਨਾਲ ਨਿਰਦੋਸ਼ ਲੋਕਾਂ ਖਿਲਾਫ ਝੂਠੇ ਪਰਚੇ ਦਰਜ ਕਰ ਰਹੇ ਹਨ।

ਸਰਦਾਰ ਮਜੀਠੀਆ ਵੱਲੋਂ ਗੁਰਦਾਸਪੁਰ ਸੰਸਦੀ ਹਲਕੇ ਨਾਲ ਸੰਬੰਧਿਤ ਦੋ ਮਾਮਲੇ ਡੀਜੀਪੀ ਦੇ ਧਿਆਨ ਵਿਚ ਲਿਆਂਦੇ ਗਏ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਸਮਰਥਕਾਂ ਦੁਆਰਾ ਤਰਨ ਤਾਰਨ ਵਿਚ ਫੌਜੀ ਜਵਾਨ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇੱਕ ਹੋਰ ਮਾਮਲੇ ਵਿਚ ਇੱਕ ਸੁਤੰਤਰਤਾ ਸੰਗਰਾਮੀ ਦੇ ਬੇਟੇ ਉੱਤੇ ਗਿੱਦੜਬਾਹਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਇਸ਼ਾਰੇ 'ਤੇ ਪੁਲਿਸ ਹਿਰਾਸਤ ਵਿਚ ਇਸ ਲਈ ਤਸ਼ੱਦਦ ਕੀਤਾ ਗਿਆ ਕਿਉਂਕਿ ਉਸ ਨੇ ਆਪਣੇ ਪਿੰਡ ਦੇ ਤਲਾਬ ਉੱਤੇ ਨਜਾਇਜ਼ ਕਬਜ਼ੇ ਖਿਲਾਫ ਅਰਜ਼ੀ ਦਿੱਤੀ ਸੀ। ਉਹਨਾਂ ਨੇ ਡੀਜੀਪੀ ਕੋਲੋਂ ਇਹਨਾਂ ਦੋਵੇਂ ਮਾਮਲਿਆਂ ਵਿਚ ਇਨਸਾਫ ਦੀ ਮੰਗ ਕੀਤੀ।

ਡੀਜੀਪੀ ਸੁਰੇਸ਼ ਅਰੋੜਾ ਨੇ ਅਕਾਲੀ ਦਲ ਦੇ ਵਫਦ ਨੂੰ ਬਹੁਤ ਹੀ ਧੀਰਜ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹਨਾਂ ਦੇ ਧਿਆਨ ਵਿਚ ਲਿਆਂਦੇ ਗਏ ਗੁਰਦਾਸਪੁਰ ਹਲਕੇ ਦੇ ਸਾਰੇ 50 ਕੇਸਾਂ ਦੀ ਉਹ ਤੁਰੰਤ ਜਾਂਚ ਕਰਨਗੇ।

—PTC News

Related Post