ਸਿੱਧੂ ਮੂਸੇਵਾਲਾ ਕੇਸ 'ਚ ਅਦਾਲਤ ਨੇ DSP ਦੇ ਪੁੱਤਰ ਸਮੇਤ 4 ਗੰਨਮੈਨਾਂ ਦੀ ਗ੍ਰਿਫਤਾਰੀ 'ਤੇ ਲਾਈ ਰੋਕ

By  Shanker Badra May 27th 2020 07:11 PM

ਸਿੱਧੂ ਮੂਸੇਵਾਲਾ ਕੇਸ 'ਚ ਅਦਾਲਤ ਨੇ DSP ਦੇ ਪੁੱਤਰ ਸਮੇਤ 4 ਗੰਨਮੈਨਾਂ ਦੀ ਗ੍ਰਿਫਤਾਰੀ 'ਤੇ ਲਾਈ ਰੋਕ:ਸੰਗਰੂਰ: ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਸਬੰਧਤ ਕੇਸ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਲੋਂ ਜ਼ਮਾਨਤ ਲਈ ਦਾਇਰ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਰਾਹਤ ਦਿੱਤੀ ਹੈ। ਅਦਾਲਤ ਨੇ ਧੂਰੀ ਵਿਖੇ ਦਰਜ ਮਾਮਲੇ ਵਿਚ DSP ਦੇ ਪੁੱਤਰ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਹੈ ਜਦੋਂਕਿ ਸਿੱਧੂ ਮੂਸੇਵਾਲਾ ਤੇ ਉਸ ਦੇ ਬਾਕੀ ਸਾਥੀ ਫਰਾਰ ਦੱਸੇ ਜਾ ਰਹੇ ਹਨ।

ਸੰਗਰੂਰ ਅਦਾਲਤ ਦੇ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਨੇ ਧੂਰੀ ਸਦਰ ਥਾਣੇ 'ਚ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਦੇ ਖਿਲਾਫ ਦਰਜ਼ ਕੇਸ ਵਿੱਚ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਤੇ 4 ਗੰਨਮੈਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ।

ਦੱਸਣਯੋਗ ਹੈ ਕਿ ਥਾਣਾ ਧੂਰੀ ਵਿਖੇ ਦਰਜ ਐਫਆਈਆਰ ਨੰਬਰ 170 'ਚ, ਨਾਮਜ਼ਦ ਦੋਸ਼ੀਆਂ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ , ਗੰਨਮੈਨ ਬਲਕਾਰ ਸਿੰਘ, ਗੁਰਜਿੰਦਰ ਸਿੰਘ, ਜਸਵੀਰ ਸਿੰਘ ਤੇ ਹਰਵਿੰਦਰ ਸਿੰਘ ਵੱਲੋਂ ਪੇਸ਼ਗੀ ਜ਼ਮਾਨਤ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਸੀ।

ਇਸ ਦੌਰਾਨ ਜੰਗਸ਼ੇਰ ਸਿੰਘ ਦੇ ਵਕੀਲ ਐਮਐਸ ਟਿਵਾਣਾ ਅਤੇ ਗੰਨਮੈਨਾਂ ਦੇ ਵਕੀਲ ਸਮੀਰ ਕੁਮਾਰ ਫੱਤਾ ਨੇ ਜਮਾਨਤ ਦੇਣ ਲਈ ਦਲੀਲਾਂ ਦਿੱਤੀਆਂ ਅਤੇ ਅਗਾਉਂ ਜਮਾਨਤ ਦੀ ਅਪੀਲ ਕੀਤੀ । ਜਦੋਂ ਕਿ ਸਰਕਾਰੀ ਵਕੀਲ ਨੇ ਜਮਾਨਤ ਨਾ ਦੇਣ ਲਈ ਦਲੀਲਾਂ ਪੇਸ਼ ਕੀਤੀਆਂ। ਜਿਸ ਤੋਂ ਬਾਅਦ ਅਦਾਲਤ ਨੇ ਪੰਜ ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਦੇ 9 ਜੂਨ ਤੱਕ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਬਡਬਰ ਅਤੇ ਲੱਡਾ ਦੀ ਸ਼ੂਟਿੰਗ ਰੇਂਜ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਨਾਲ ਸਿੱਧੂ ਮੂਸੇਵਾਲਾ ਸ਼ੂਟਿੰਗ ਰੇਂਜ ਵਿੱਚ ਗੋਲੀ ਚਲਾਉਂਦਾ ਹੋਇਆ ਵਿਖਾਈ ਦੇ ਰਿਹਾ ਸੀ ,ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ DSP ਵੱਲੋਂ ਸ਼ੂਟਿੰਗ ਰੇਂਜ ‘ਤੇ ਤੈਨਾਤ ਕੀਤਾ ਗਿਆ ਸੀ।

ਇਸ ਦੇ ਤਹਿਤ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੱਕ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ।

-PTCNews

Related Post