ਸਿਰਸਾ ਨੇ ਭਾਰਤੀ ਸਫਾਰਤਖਾਨਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਗਰੂਕਤਾ ਮੁਹਿੰਮ ਵਿੱਢਣ ਦੀ ਹਦਾਇਤ ਦੇਣ ਵਾਸਤੇ ਸੁਸ਼ਮਾ ਸਵਰਾਜ ਨੂੰ ਕੀਤੀ ਅਪੀਲ

By  Shanker Badra September 16th 2018 07:07 PM

ਸਿਰਸਾ ਨੇ ਭਾਰਤੀ ਸਫਾਰਤਖਾਨਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਗਰੂਕਤਾ ਮੁਹਿੰਮ ਵਿੱਢਣ ਦੀ ਹਦਾਇਤ ਦੇਣ ਵਾਸਤੇ ਸੁਸ਼ਮਾ ਸਵਰਾਜ ਨੂੰ ਕੀਤੀ ਅਪੀਲ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਨੇ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ 15 ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਮੁਲਕਾਂ ਵਿਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਜਾਰੀ ਕਰਨ।ਇਕੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਲੰਬੇ ਸਮੇਂ ਤੋਂ ਇਹ ਮਾਮਲਾ ਉਠਾਉਂਦੀ ਆ ਰਹੀ ਹੈ ਤੇ ਇਸ ਵੱਲੋਂ ਵਿਸ਼ਵ ਭਰ ਵਿਚ ਕਈ ਅਪੀਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਅਸਲ ਮਸਲਾ ਸਿੱਖ ਧਰਮ, ਇਸਦੇ ਸਿਧਾਂਤਾਂ ਤੇ ਧਾਰਮਿਕ ਕਕਾਰਾਂ ਦੀ ਜਾਣਕਾਰੀ ਦਾ ਹੈ ਜਿਸ ਲਈ ਜਾਗਰੂਕਤਾ ਫੈਲਾਏ ਜਾਣ ਦੀ ਜ਼ਰੂਰਤਰ ਹੈ।

ਉਹਨਾਂ ਕਿਹਾ ਕਿ 15 ਮੈਂਬਰੀ ਕਮੇਟੀ ਦਾ ਗਠਨ ਅਮਰੀਕਾ ਵਿਚ ਰਹਿੰਦੇ ਲੋਕਾਂ ਨੂੰ ਸਿੱਖ ਧਰਮ ਦੇ ਕਕਾਰਾਂ ਤੇ ਹੋਰ ਅਹਿਮ ਜਾਣਕਾਰੀ ਦੇਣ ਦੇ ਦਿਸ਼ਾ ਵਿਚ ਬਹੁਤ ਸਹਾਈ ਹੋਵੇਗਾ।ਸਿਰਸਾ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਕਮੇਟੀ ਵਿਚ 15 ਸਿੱਖ ਸ਼ਖਸੀਅਤਾਂ ਨੂੰ ਸ਼ਾਮਲ ਕਰਨਾ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਿਚ ਹੋਈ ਸਹਾਈ ਹੋਵੇਗਾ।ਉਹਨਾਂ ਕਿਹਾ ਕਿ ਟੀ ਐਸ ਏ ਸਟੇਟ ਪੈਟਰੋਲ ਤੇ ਸੁਰੱਖਿਆ ਮਾਮਲਿਆਂ ਨਾਲ ਜੁੜੇ ਅਫਸਰਾਂ ਤੇ ਅਧਿਕਾਰੀਆਂ ਨੂੰ ਸਿਖਲਾਈ ਦੇਣਾ ਬਹੁਤ ਲਾਹੇਵੰਦ ਹੋਵੇਗਾ,ਜਿਸ ਨਾਲ ਸਿੱਖਾਂ ਦੀ ਸ਼ਨਾਖਤ ਸਹੀ ਤਰੀਕੇ ਹੋ ਸਕੇਗੀ ਤੇ ਗਲਤ ਸ਼ਨਾਖ਼ਤ ਦਾ ਮਸਲਾ ਖਤਮ ਹੋ ਸਕੇਗਾ।

ਸਿਰਸਾ ਨੇ ਕਿਹਾ ਕਿ ਉਹਨਾਂ ਨੇ ਸਿੱਖਾਂ ਤੇ ਸਿੱਖ ਧਰਮ ਬਾਰੇ ਜਾਣਕਾਰੀ ਦਾ ਪਸਾਰ ਕਰਨ ਲਈ ਜਾਗਰੂਕਤਾ ਮੁਹਿੰਮ ਬਾਰੇ ਪਹਿਲਾਂ ਵੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਹੈ ਤੇ ਹੁਣ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਮੁਲਕਾਂ ਵਿਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਹਦਾਇਤ ਜਾਰੀ ਕਰਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਮਾਮਲੇ 'ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।ਉਹਨਾਂ ਕਿਹਾ ਕਿ ਸਵਰਾਜ ਪਹਿਲਾਂ ਹੀ ਘੋਸ਼ਤ ਕਰ ਚੁੱਕੇ ਹਨ ਕਿ ਭਾਰਤੀ ਸਫਾਰਤਖਾਨਿਆਂ ਰਾਹੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੇ ਵਿਸ਼ਵ ਵਿਚ ਮਨਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਮੌਕੇ ਪੰਜ ਕਕਾਰਾਂ ਤੇ ਦਸਤਾਰ ਬਾਰੇ ਜਾਗਰੂਕਤਾ ਮੁਹਿੰਮ ਰਾਹੀਂ ਸਥਾਨਕ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਨਾਲ ਗਲਤ ਸ਼ਨਾਖਤ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕੇਗੀ ਤੇ ਇਸਦਾ ਮੁਹਿੰਮ ਦਾ ਲਾਭ ਮਿਲੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਸਿੱਖਾਂ ਦੇ ਪੰਜ ਕਕਾਰਾਂ ਤੇ ਦਸਤਾਰ ਬਾਰੇ ਮਤਾ ਪਾਸ ਕਰਨ ਦੀ ਪਟੀਸ਼ਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਕੋਲ ਭੇਜੀ ਹੈ ਜਿਸ ਵਿਚ ਸਾਰੇ ਮੁਲਕਾਂ ਨੂੰ ਅਪੀਲ ਕੀਤੀ ਹੈਕਿ ਉਹ ਇਸ ਮਸਲੇ ਦੇ ਹੱਲ ਲਈ ਆਪਣੇ ਮੌਜੂਦਾ ਕਾਨੂੰਨਾਂ ਵਿਚ ਸੋਧ ਕਰ ਸਕਦੇ ਹਨ ਜਾਂ ਕਾਨੂੰਨ ਨਵੇਂ ਬਣਾ ਸਕਦੇ ਹਨ।

-PTCNews

Related Post