ਸ੍ਰੀ ਦਰਬਾਰ ਸਾਹਿਬ 'ਚ ਅਖੰਡ ਪਾਠ ਕਰਵਾਉਣ ਲਈ ਕਰਨਾ ਪੈਂਦਾ 6 ਸਾਲ ਤੱਕ ਇੰਤਜ਼ਾਰ ,ਸੰਗਤਾਂ ਦੀ ਸ਼ਰਧਾ ਬਰਕਰਾਰ

By  Shanker Badra August 11th 2018 01:56 PM

ਸ੍ਰੀ ਦਰਬਾਰ ਸਾਹਿਬ 'ਚ ਅਖੰਡ ਪਾਠ ਕਰਵਾਉਣ ਲਈ ਕਰਨਾ ਪੈਂਦਾ 6 ਸਾਲ ਤੱਕ ਇੰਤਜ਼ਾਰ ,ਸੰਗਤਾਂ ਦੀ ਸ਼ਰਧਾ ਬਰਕਰਾਰ:ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਨਤਮਸਤਕ ਹੋਣ ਲਈ ਪਹੁੰਚਦੇ ਹਨ,ਉਥੇ ਹੀ ਸ੍ਰੀ ਦਰਬਾਰ ਸਾਹਿਬ 'ਚ ਅਖੰਡ ਪਾਠ ਕਰਵਾਉਣ ਦੇ ਇੱਛੁਕਾਂ ਦੀ ਗਿਣਤੀ ਵੀ ਹਜਾਰਾਂ ਵਿੱਚ ਹੈ।ਅਖੰਡ ਪਾਠ ਦੀ ਮੁਰਾਦ ਨੂੰ ਪੂਰੀ ਕਰਨ ਦੇ ਲਈ ਸ਼ਰਧਾਲੂਆਂ ਨੂੰ ਦੋ ਤੋਂ ਅੱਠ ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਪ੍ਰੰਤੂ ਇਹ ਇੰਤਜ਼ਾਰ ਉਨ੍ਹਾਂ ਦੀ ਸ਼ਰਧਾ ਨੂੰ ਘੱਟ ਨਹੀਂ ਹੋਣ ਦਿੰਦਾ। ਦਰਬਾਰ ਸਾਹਿਬ ਕੰਪਲੈਕਸ ਦਾ ਹਰ ਕੋਨਾ ਸੰਗਤ ਦੇ ਲਈ ਪਵਿੱਤਰ ਹੈ ਪ੍ਰੰਤੂ ਫਿਰ ਵੀ ਕੁੱਝ ਲੋਕ ਕੁਝ ਖਾਸ ਥਾਂ ‘ਤੇ ਹੀ ਪਾਠ ਕਰਵਾਉਣ ਦੀ ਇਛਾ ਜਤਾਉਦੇ ਹਨ।ਸ੍ਰੀ ਦਰਬਾਰ ਸਾਹਿਬ ‘ਚ 45 ਥਾਵਾਂ ‘ਤੇ ਸ੍ਰੀ ਅਖੰਡ ਪਾਠ ਲਗਾਤਾਰ ਚਲਦੇ ਰਹਿੰਦੇ ਹਨ ਪ੍ਰੰਤੂ ਸ਼ਰਧਾਲੂਆਂ ਦੀ ਪਹਿਲੀ ਪਸੰਦ ਸੱਚਖੰਡ ਦੇ ਨਾਲ ਹੀ ਹਰਿ ਕੀ ਪੌੜੀ ਅਤੇ ਦੁੱਖ ਭੰਜਨੀ ਬੇਰੀ ਵਾਲੀ ਥਾਂ ‘ਤੇ ਪਾਠ ਕਰਵਾਉਣ ਹੁੰਦਾ ਹੈ।ਸ਼ਰਧਾਲੂਆਂ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਪਾਠ ਦੁੱਖ ਭੰਜਨੀ ਬੇਰੀ ਦੇ ਗੁਰਦੁਆਰਾ ਸਾਹਿਬ ‘ਚ ਹੀ ਕਰਵਾਇਆ ਜਾਵੇਂ ਪਰ ਵੇਟਿੰਗ ਸੂਚੀ ਲੰਬੀ ਹੋਣ ‘ਤੇ ਉਨਾਂ ਦਾ ਇੰਤਜਾਰ ਹੋਰ ਵਧ ਜਾਂਦਾ ਹੈ।। ਆਪਣੀ ਵਾਰੀ ਦੇ ਇੰਤਜ਼ਾਰ ‘ਚ ਜੱਜ ,ਸੈਨਾ ਦੇ ਅਫਸਰ,ਰਾਜਨੀਤਿਕ ਆਗੂ ਅਤੇ ਉਚ ਵਪਾਰਕ ਘਰਾਣੇ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਅੱਜ ਦੀ ਤਰੀਖ ‘ਚ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਦਾ ਨੰਬਰ 2026 ‘ਚ ਆਵੇਗਾ,ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਹਰਿ ਕੀ ਪੌੜੀ ‘ਤੇ ਪਾਠ ਸ਼ੁਰੂ ਕਰਵਾਉਣ ਦੀ ਦਿਲੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਨੂੰ 2023 ਤੱਕ ਇੰਤਜ਼ਾਰ ਕਰਨਾ ਹੋਵੇਗਾ।ਇਸੇ ਤਰ੍ਹਾਂ ਗੁਰਦੁਆਰਾ ਲਾਚੀ ਬੇਰ ਸਾਹਿਬ ‘ਚ ਵੀ ਪਾਠ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ 6 ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ।ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਖੰਡ ਪਾਠ ਸਾਹਿਬ ਕਰਵਾਉਣ ਦੇ ਲਈ ਸ਼ਰਧਾਲੂਆਂ ਨੂੰ 2023 ਤੱਕ ਜਾਨੀ 5 ਸਾਲ ਇੰਤਜ਼ਾਰ ਕਰਨਾ ਹੋਵੇਗਾ , ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ‘ਚ 2020 ਤੱਕ ਬੁਕਿੰਗ ਜਾਰੀ ਹੈ। ਜਿਥੇ ਸੰਗਤਾਂ ਵਲੋਂ ਰੁਝਾਨਾ ਪਾਠ ,ਅਖੰਡ ਪਾਠ ਦੀ ਤਾਰੀਖ ਬੁੱਕ ਕਰਵਾਈ ਜਾ ਰਹੀ ਹੈ।ਵੇਟਿੰਗ ਲਿਸਟ ਲੰਬੀ ਹੋਣ ਦੇ ਚਲਦੇ ਐਸ.ਜੀ.ਪੀ.ਸੀ. ਪ੍ਰਬੰਧਕਾਂ ਵੱਲੋਂ ਮਤਾ ਪਾਸ ਕਰਕੇ ਫੈਸਲਾ ਲਿਆ ਗਿਆ ਕਿ ਤਿੰਨ ਸਾਲ ਤੋਂ ਜ਼ਿਆਦਾ ਵੇਟਿੰਗ ਵਾਲੀ ਜਗ੍ਹਾ ਬੁਕਿੰਗ ਨਹੀਂ ਕੀਤੀ ਜਾਵੇਗੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਮੁਤਾਬਕ ਮੌਜੂਦਾ ਸਮੇਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਸ਼ਰਧਾਲੂਆਂ ਤੋਂ 7500 ਰੁਪਏ ਭੇਂਟਾ ਲਈ ਜਾਂਦੀ ਹੈ ,ਜੋ ਪਾਠ ਕਰਨ ਵਾਲੇ ਪਾਠੀਆਂ ਨੂੰ ਦੇ ਦਿਤੀ ਜਾਂਦੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰੁਮਾਲਾ ਸਾਹਿਬ ,ਕੜ੍ਹਾਹ-ਪ੍ਰਸ਼ਾਦ ਅਤੇ ਕੀਰਤਨ ਕਰਨ ਵਾਲੇ ਰਾਗੀ ਜਥੇ ਦੀ ਵੀ ਭੇਟਾ ਸ਼ਾਮਲ ਹੈ।ਇਸ ਸਮੇਂ ਅਖੰਡ ਪਾਠ ਸਾਹਿਬ ਕਰਨ ਦੇ ਲਈ ਲਗਭਗ 800 ਪਾਠੀ ਸੇਵਾਵਾਂ ਨਿਭਾਅ ਰਹੇ ਹਨ। ਸ੍ਰੀ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਸ਼ਰਧਾ ਕਿੰਨੀ ਹੈ ,ਇਸ ਦੀ ਮਿਸਾਲ ਅਖੰਡ ਪਾਠਾਂ ਦੀ ਲ਼ੜੀ ਤੋਂ ਲਗਾਈ ਜਾ ਸਕਦੀ ਹੈ, ਸੰਗਤ ਲਈ ਲੰਮਾ ਇੰਤਜਾਰ ਵੀ ਉਨਾਂ ਦੀ ਸ਼ਰਧਾ ਨੂੰ ਘੱਟ ਨਹੀਂ ਕਰ ਸਕਿਆ। -PTCNews

Related Post