550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਸੱਤਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ

By  Shanker Badra November 7th 2019 05:31 PM

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਸੰਗਤਾਂ ਨੇ ਸੱਤਵੇਂ ਦਿਨ ਵੀ ਕੀਤੇ “ਮੂਲ ਮੰਤਰ” ਦੇ ਜਾਪ:ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਜਿਸ ਦੇ ਲਈ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ ਅਤੇ ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸੱਤਵੇਂ ਦਿਨ ਵੀ ਮੂਲ ਮੰਤਰ ਦੇ ਜਾਪ ਕੀਤੇ ਗਏ ਹਨ।

ਇਸ ਦੌਰਾਨ ਸੰਗਤਾਂ ਨੇ ਜਿਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮੂਲ ਮੰਤਰ ਦੇ ਜਾਪ ਕੀਤੇ, ਉਥੇ ਹੀ ਸਿੰਗਾਪੁਰ , ਸੁਲਤਾਨਪੁਰ ਲੋਧੀ 'ਚ ਵੀ ਸੰਗਤਾਂ ਵੱਲੋਂ ਜਾਪ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿੱਲੀ ‘ਚ ਸੰਗਤਾਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਗੁਰੂ ਦੀ ਹਜ਼ੂਰੀ ਵਿੱਚ ਮੂਲ ਮੰਤਰ ਦੇ ਜਾਪ ਕੀਤੇ ਹਨ। “ਮੂਲ ਮੰਤਰ” ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਮਹੱਤਵਪੂਰਨ ਰਚਨਾ ਹੈ, ਜੋ ਕਿ ਸਿੱਖਾਂ ਦਾ ਪਵਿੱਤਰ ਗ੍ਰੰਥ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ 'ਚ 5 ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਹੋਇਆ ਸੀ ਕਿ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ 10 ਮਿੰਟ ਲਈ ਸਿੱਖ ਸੰਗਤਾਂ ਮੂਲ ਮੰਤਰ ਦਾ ਜਾਪ ਕਰਨ, ਜਿਸ ਦੇ ਚਲਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1 ਨਵੰਬਰ ਤੋਂ ਅਕਾਲ ਤਖਤ ਸਾਹਿਬ ਤੋਂ ਮੂਲ ਮੰਤਰ ਦੀ ਸ਼ੁਰੂਆਤ ਕਰਵਾਈ ਸੀ। ਦੁਨੀਆਂ ਭਰ ਵਿਚ ਸਥਿਤ ਗੁਰਦੁਆਰਿਆਂ 'ਚ 13 ਦਿਨ ਇਸ ਮੂਲ ਮੰਤਰ ਦਾ ਜਾਪ ਹੋਵੇਗਾ ਅਤੇ ਜੋ ਸੰਗਤ ਘਰ ਹੋਵੇਗੀ ਉਹ ਘਰ 'ਚ ਮੂਲ ਮੰਤਰ ਦਾ ਜਾਪ ਕਰਨਗੀਆਂ।

-PTCNews

Related Post