ਰਾਜਸਥਾਨ ’ਚ ਸਿੱਖ ਲੜਕੀ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਮਿਲਣ ਸਖ਼ਤ ਸਜ਼ਾਵਾਂ-ਐਡਵੋਕੇਟ ਧਾਮੀ

By  Riya Bawa April 19th 2022 07:23 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਲੰਘੇ ਜਨਵਰੀ ਮਹੀਨੇ ਵਿਚ ਰਾਜਸਥਾਨ ਦੇ ਅਲਵਰ ਵਿਖੇ ਇਕ ਨਾਬਾਲਗ ਅਪਾਹਜ ਸਿੱਖ ਲੜਕੀ ਨਾਲ ਕੀਤੇ ਗਏ ਘਿਨੌਣੇ ਅਪਰਾਧ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੱਤਰ ਰਾਹੀਂ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਲੰਘੀ 11 ਜਨਵਰੀ 2022 ਨੂੰ ਅਲਵਰ ਵਿਖੇ ਫਲਾਈਓਵਰ ਦੇ ਹੇਠਾਂ ਇਕ ਲੜਕੀ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਸੀ ਅਤੇ ਉਸ ਨੂੰ ਲੱਗੀਆਂ ਗੰਭੀਰ ਸੱਟਾਂ ਤੋਂ ਸਾਫ਼ ਸੀ ਕਿ ਦੋਸ਼ੀਆਂ ਨੇ ਉਸ ਨਾਲ ਅਨੈਤਿਕ ਹਰਕਤ ਕਰਨ ਮਗਰੋਂ ਉਸ ਨੂੰ ਫਲਾਈਓਵਰ ਤੋਂ ਹੇਠਾਂ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਕਰੀਬ ਚਾਰ ਮਹੀਨੇ ਬੀਤਣ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਲਵਰ ਦੇ ਮਾਲਾ ਖੇੜਾ ਪੁਲਿਸ ਥਾਣੇ ਵਿਚ ਵੱਖ-ਵੱਖ ਧਰਾਵਾਂ ਤਹਿਤ 12 ਜਨਵਰੀ 2020 ਨੂੰ ਪਰਚਾ ਵੀ ਦਰਜ ਹੋਇਆ ਸੀ, ਪਰ ਪੁਲਿਸ ਨੇ ਅਜੇ ਤੀਕ ਕੋਈ ਗ੍ਰਿਫ਼ਤਾਰੀ ਨਹੀਂ ਪਾਈ। ਪੀੜਤ ਲੜਕੀ ਦੀ ਹਾਲਤ ਅਜੇ ਤੱਕ ਵੀ ਬੇਹੱਦ ਗੰਭੀਰ ਹੈ ਅਤੇ ਉਹ ਜੈਪੁਰ ਦੇ ਇਕ ਹਸਪਤਾਲ ਦੇ ਆਈਸੀਯੂ ਵਿਚ ਜੇਰੇ ਇਲਾਜ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿਚ 17 ਜਵਨਰੀ ਅਤੇ 5 ਮਾਰਚ ਨੂੰ ਦੋ ਵਾਰ ਰਾਜਿਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ।

ਇਸੇ ਦੌਰਾਨ ਪਿਛਲੇ 76 ਦਿਨਾਂ ਤੋਂ ਅਲਵਰ ਦੇ ਸ਼ਹੀਦ ਸਮਾਰਕ ਸਥਲ ਵਿਖੇ ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਵੱਲੋਂ ਧਰਨਾ ਵੀ ਲਗਾਇਆ ਹੋਇਆ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਵੀ ਰਾਜਿਸਥਾਨ ਸਰਕਾਰ ਵੱਲੋਂ ਮਾਮਲੇ ’ਤੇ ਸੰਜੀਦਾ ਰੁਖ ਨਹੀਂ ਅਪਨਾਇਆ ਜਾ ਰਿਹਾ।

ਐਡਵੋਕੇਟ ਧਾਮੀ ਨੇ ਆਪਣੇ ਪੱਤਰ ਰਾਹੀਂ ਨਰਿੰਦਰ ਮੋਦੀ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂ ਕਿਸੇ ਹੋਰ ਕੇਂਦਰੀ ਸਮਰੱਥ ਏਜੰਸੀ ਤੋਂ ਜਾਂਚ ਕਰਵਾ ਕੇ ਸਿੱਖ ਲੜਕੀ ’ਤੇ ਘਿਨੌਣਾ ਜ਼ੁਲਮ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ ਅਤੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇ।

-PTC News

Related Post