ਨਹੀਂ ਆ ਰਿਹਾ ਸਟੱਡੀ ਵੀਜ਼ਾ ਤਾਂ ਘਬਰਾਉਣ ਦੀ ਲੋੜ ਨਹੀਂ, ਘਰੇ ਬੈਠੇ ਹੀ ਕਰੋ ਕੈਨੇਡਾ ਦੀ ਪੜ੍ਹਾਈ

By  Jasmeet Singh August 26th 2022 08:45 PM

Delay in study visa: ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਸੁਪਨਾ ਦੇਖ ਰਹੇ ਭਾਰਤ ਦੇ ਕਈ ਵਿਦਿਆਰਥੀ ਇਸ ਵੇਲੇ ਮੁਸੀਬਤ 'ਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ। ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਸ਼ੁਰੂ ਹੋਣ ਵਾਲੀ ਹੈ, ਕਈਆਂ 'ਚ ਸ਼ੁਰੂ ਹੋ ਚੁੱਕੀਆਂ ਨੇ, ਫੀਸਾਂ ਵੀ ਭਰੀਆਂ ਜਾ ਚੁੱਕੀਆਂ ਨੇ, ਦਾਖ਼ਲੇ ਵੀ ਹੋ ਚੁੱਕੇ ਨੇ ਪਰ ਅਜੇ ਤੱਕ ਵਿਦੇਸ਼ ਜਾਣ ਲਈ ਵੀਜ਼ਾ ਨਹੀਂ ਮਿਲ ਪਾਇਆ। ਵਿਦਿਆਰਥੀ ਇਹ ਸੋਚ ਸੋਚ ਕੇ ਤਣਾਅ 'ਚ ਹਨ ਕਿ ਵੀਜ਼ਾ ਆਵੇਗਾ ਜਾਂ ਨਹੀਂ, ਉਨ੍ਹਾਂ ਨੂੰ ਇਹ ਵੀ ਸਪੱਸ਼ਟ ਨਹੀਂ ਹੈ। 6-6 ਮਹੀਨੇ ਦੀ ਇਸ ਦੇਰੀ 'ਤੇ ਵੱਖ ਵੱਖ ਮੁਲਕਾਂ 'ਚ ਭਾਰਤੀ ਸਫਾਰਤਖਾਨਿਆਂ ਨੇ ਉਥੇ ਦੇ ਪ੍ਰਸ਼ਾਸਨਾਂ ਨੂੰ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਦਰਅਸਲ ਵੀਜ਼ਾ ਆਉਣ 'ਤੇ ਹੀ ਭਾਰਤੀ ਵਿਦਿਆਰਥੀ ਆਪਣੀਆਂ ਹਵਾਈ ਟਿਕਟਾਂ ਬੁੱਕ ਕਰਦੇ ਹਨ।

ਸਭ ਤੋਂ ਵੱਡੀ ਸਮੱਸਿਆ ਪੰਜਾਬੀਆਂ ਦੇ ਪਸੰਦੀਦਾ ਮੁਲਕ 'ਕੈਨੇਡਾ' ਲਈ ਹੈ, ਜਿੱਥੇ ਨਾ ਸਿਰਫ਼ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਸਗੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਵੀ ਰੱਦ ਹੋ ਰਹੀਆਂ ਹਨ। ਯੂਕੇ, ਜਰਮਨੀ, ਆਸਟ੍ਰੇਲੀਆ ਲਈ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ ਲਈ ਮਜਬੂਰ ਨੇ ਅਤੇ ਕਈ ਇਸ ਭੰਬਲਭੂਸੇ ਵਿੱਚ ਫਸੇ ਹੋਏ ਹਨ ਕਿ ਸੈਸ਼ਨ ਮੁਲਤਵੀ ਕੀਤਾ ਜਾਵੇ ਜਾਂ ਦਾਖ਼ਲਾ ਰੱਦ ਕੀਤਾ ਜਾਵੇ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਿਹਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਵੀਜ਼ਾ ਦੇਰੀ ਕਾਰਨ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਵਿਦਿਆਰਥੀ ਆਪਣੇ ਵੀਜ਼ਿਆਂ ਅਤੇ ਵਿਦਿਆਰਥੀ ਪਰਮਿਟਾਂ ਦੀ ਪ੍ਰਕਿਰਿਆ ਵਿੱਚ ਦੇਰੀ ਕਾਰਨ ਅਕਾਦਮਿਕ ਕੋਰਸਾਂ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਹਨ।

ਅਜਿਹੀ ਸਥਿਤੀ ਵਿੱਚ ਕੈਨੇਡੀਅਨ ਅਧਿਕਾਰੀਆਂ ਨੂੰ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਪਸੰਦੀਦਾ ਐਜੂਕੇਸ਼ਨ ਹੱਬ ਹੈ। ਇਸ ਸਮੇਂ ਭਾਰਤ ਤੋਂ 3 ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖਲ ਹਨ। ਉਹ ਟਿਊਸ਼ਨ ਫੀਸਾਂ ਵਿੱਚ ਅੰਦਾਜ਼ਨ $4 ਬਿਲੀਅਨ ਦਾ ਭੁਗਤਾਨ ਕਰਕੇ ਕੈਨੇਡੀਅਨ ਆਰਥਿਕਤਾ ਵਿੱਚ ਇੱਕ ਸਕਾਰਾਤਮਕ ਯੋਗਦਾਨ ਪਾ ਰਹੇ ਹਨ। ਅਜਿਹੇ 'ਚ ਹੁਣ ਕੈਨੇਡੀਅਨ ਯੂਨੀਵਰਸਿਟੀਆਂ ਨੇ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਿਹੜੇ ਵਿਦਿਆਰਥੀ ਸਮੇਂ ਸਿਰ ਵਿਦੇਸ਼ ਨਹੀਂ ਪਹੁੰਚ ਪਾਉਣਗੇ ਉਹ ਹੁਣ ਆਨਲਾਈਨ ਮਾਧਿਅਮ ਰਾਹੀਂ ਭਾਰਤ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਸਾਲ ਵੀ ਬਰਬਾਦ ਨਹੀਂ ਹੋਵੇਗਾ।

ਉਥੇ ਹੀ 1 ਸਤੰਬਰ ਤੋਂ ਬਹੁਤੇ ਮੁਲਕਾਂ 'ਚ ਪੜ੍ਹਾਈ ਸ਼ੁਰੂ ਹੋ ਜਾਵੇਗੀ ਪਰ ਵੀਜ਼ਾ ਨਹੀਂ ਮਿਲ ਰਿਹਾ। ਇਸ ਮਾਮਲੇ 'ਚ ਹੁਣ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਅਗਲੇ ਸੀਜ਼ਨ ਯਾਨੀ ਅਗਲੇ ਸਾਲ ਜਨਵਰੀ ਜਾਂ ਸਤੰਬਰ ਵਿੱਚ ਆਉਣ ਦਾ ਵਿਕਲਪ ਦੇ ਰਹੀ ਹੈ। ਲੇਕਿਨ ਇਸ ਨਾਲ ਬੱਚਿਆਂ ਦਾ ਸਾਲ ਬਰਬਾਦ ਹੋ ਜਾਵੇਗਾ। ਬ੍ਰਿਟੇਨ ਵਿਚ ਵੀ ਇਕ-ਦੋ ਦਿਨਾਂ ਵਿਚ ਸੈਸ਼ਨ ਸ਼ੁਰੂ ਹੋ ਜਾਵੇਗਾ। ਮਾਪੇ ਬਹੁਤ ਪਰੇਸ਼ਾਨ ਹਨ, ਉਨ੍ਹਾਂ ਦਾ ਪੈਸਾ ਅਤੇ ਬੱਚੇ ਦਾ ਕਰੀਅਰ ਦੋਵੇਂ ਫਸੇ ਹੋਏ ਹਨ।

-PTC News

Related Post