ਸ਼ਾਹਕੋਟ ਵਿਚ ਵੰਡੀ ਜਾ ਰਹੀ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਚੋਣ ਕਮਿਸ਼ਨ:ਸੁਖਬੀਰ ਬਾਦਲ

By  Shanker Badra May 27th 2018 07:24 PM

ਸ਼ਾਹਕੋਟ ਵਿਚ ਵੰਡੀ ਜਾ ਰਹੀ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਚੋਣ ਕਮਿਸ਼ਨ:ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਕਾਂਗਰਸ ਪਾਰਟੀ ਵੱਲੋਂ ਸ਼ਾਹਕੋਟ ਵਿਚ ਵੱਡੇ ਪੱਧਰ ਉੱਤੇ ਵੰਡੀ ਜਾ ਰਹੀ ਗੈਰਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਤੁਰੰਤ ਠੋਸ ਕਦਮ ਚੁੱਕਣ ਲਈ ਕਿਹਾ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਵਾਸਤੇ ਕਾਂਗਰਸੀ ਗੁੰਡਿਆਂ ਨੂੰ ਵੋਟਰਾਂ ਨੂੰ ਡਰਾਉਣ ਤੋਂ ਰੋਕਣ ਵਾਸਤੇ ਵੀ ਕਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸਾਡੀ ਪਾਰਟੀ ਨੇ ਸ਼ਾਹਕੋਟ ਵਿਚ ਕਾਂਗਰਸ ਪਾਰਟੀ ਵੱਲੋਂ ਵੰਡੀ ਜਾ ਰਹੀ ਗੈਰਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਸਨ।ਕੱਲ ਰਾਤੀਂ ਉਸੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਸ਼ਾਹਕੋਟ ਨੂੰ ਜਾ ਰਿਹਾ ਇੱਕ ਟਰੱਕ ਬਾਘਾਪੁਰਾਣਾ ਵਿਖੇ ਫੜਿਆ ਗਿਆ ਹੈ।ਉਹਨਾਂ ਕਿਹਾ ਕਿ ਇਹ ਫਸਟ ਚੁਆਇਸ ਨਾਂ ਦੀ ਉਹੀ ਸ਼ਰਾਬ ਸੀ,ਜਿਹੜੀ ਕਿ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਦੀ ਡਿਸਟਿੱਲਰੀ ਵਲੋਂ ਬਣਾਈ ਗਈ ਸੀ ਅਤੇ ਇਸ ਬਾਰੇ ਚੋਣ ਕਮਿਸ਼ਨ ਨੂੰ ਪਹਿਲਾਂ ਇੱਕ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ।ਉਹਨਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਲਾਏ ਦੋਸ਼ ਨੂੰ ਸਾਬਿਤ ਨਹੀਂ ਕੀਤਾ ਜਾ ਸਕਿਆ ਹੈ।ਹੁਣ ਲੋਕਾਂ ਨੇ ਸ਼ਰਾਬ ਦੇ ਇਸ ਟਰੱਕ ਨੂੰ ਫੜ ਕੇ ਸਬੂਤ ਪੇਸ਼ ਕਰ ਦਿੱਤਾ ਹੈ।ਇਸ ਲਈ ਹੁਣ ਇਸ ਮਾਮਲੇ ਵਿਚ ਚੋਣ ਕਮਿਸ਼ਨ ਵਾਸਤੇ ਕਾਰਵਾਈ ਕਰਨ ਅਤੇ ਕਾਂਗਰਸੀ ਗੁੰਡਿਆਂ ਨੂੰ ਸ਼ਰਾਬ ਵੰਡਣ ਤੋਂ ਰੋਕਣ ਦਾ ਸਹੀ ਸਮਾਂ ਹੈ।ਇਹ ਸ਼ਰਾਬ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾ ਸਕਦੀ ਹੈ,ਕਿਉਂਕਿ ਇਸ ਦਾ ਕੋਈ ਐਕਸਾਈਜ਼ ਪਰਮਿਟ ਨਹੀਂ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਆਪਣੀ ਡਿਊਟੀ ਨਹੀਂ ਕਰ ਰਿਹਾ ਹੈ।ਉਹਨਾਂ ਕਿਹਾ ਕਿ ਸ਼ਾਹਕੋਟ ਲਿਜਾਈ ਜਾ ਰਹੀ ਸ਼ਰਾਬ ਦੀ ਅਗਵਾਈ ਇਕ ਐਸਕੋਰਟ ਵਾਹਨ ਕਰ ਰਿਹਾ ਸੀ।ਉਹਨਾਂ ਕਿਹਾ ਕਿ ਸ਼ਾਹਕੋਟ ਵਿਚ ਟਰੱਕਾਂ ਦੇ ਟਰੱਕ ਲਿਆਂਦੀ ਜਾ ਰਹੀ ਸ਼ਰਾਬ ਤੋਂ ਅੱਕੇ ਲੋਕਾਂ ਨੇ ਇਸ ਟਰੱਕ ਨੂੰ ਕਾਬੂ ਕਰ ਲਿਆ ਪਰ ਕਾਂਗਰਸ ਪਾਰਟੀ ਦੇ ਦਬਾਅ ਕਾਰਣ ਪੁਲਿਸ ਅਜੇ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ਉਹਨਾਂ ਕਿਹਾ ਕਿ ਸ਼ਾਹਕੋਟ ਵਿਚ ਕਾਂਗਰਸ ਪਾਰਟੀ ਵੱਲੋਂ ਲਿਆਂਦੇ ਜਾ ਰਹੇ ਕਾਲੇ ਧਨ ਨੂੰ ਰੋਕਣ ਲਈ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਸ.ਬਾਦਲ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੈ,ਸ਼ਾਹਕੋਟ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ।ਸਰਪੰਚਾਂ,ਪੰਚਾਇਤ ਮੈਂਬਰਾਂ,ਮਿਉਂਸੀਪਲ ਕੌਂਸਲਰਾਂ ਅਤੇ ਵਪਾਰੀਆਂ ਦੇ ਘਰਾਂ ਵਿਚ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ,ਜਿਹੜੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਬਦਮਾਸ਼ ਉਮੀਦਵਾਰ ਹਰਦੇਵ ਸਿੰਘ ਲਾਡੀ ਦਾ ਸਮਰਥਨ ਕਰਨ ਵਾਸਤੇ ਧਮਕਾ ਰਹੇ ਹਨ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਹਨਾਂ ਹਾਲਾਤਾਂ ਨੂੰ ਸੁਧਾਰਨ ਵਾਸਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ,ਨਹੀ ਤਾਂ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਉਦੇਸ਼ ਹੀ ਖ਼ਤਮ ਹੋ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਖ਼ਿਲਾਫ ਫਿਰੌਤੀ ਅਤੇ ਗੈਰਕਾਨੂੰਨੀ ਮਾਈਨਿੰਗ ਕਰਨ ਲਈੇ ਇੱਕ ਅਪਰਾਧਿਕ ਮਾਮਲਾ ਦਰਜ ਹੋਣ ਦੇ ਬਾਵਜੂਦ ਉਸ ਖ਼ਿਲਾਫ ਕੋਈ ਕਾਰਵਾਈ ਨਹੀ ਸੀ ਕੀਤੀ ਗਈ।ਉਹਨਾਂ ਕਿਹਾ ਕਿ ਇਸ ਦੀ ਥਾਂ ਲਾਡੀ ਖ਼ਿਲਾਫ ਪਰਚਾ ਦਰਜ ਕਰਨ ਵਾਲੇ ਬਹਾਦਰ ਐਸਐਸਓ,ਜਿਸ ਨੂੰ ਪਹਿਲਾਂ ਸ਼ਾਨਦਾਰ ਪੁਲਿਸ ਸੇਵਾ ਨਿਭਾਉਣ ਵਾਸਤੇ ਸਨਮਾਨ ਪੱਤਰ ਦਿੱਤਾ ਜਾ ਚੁੱਕਿਆ ਸੀ, ਨੂੰ ਪਾਗਲ ਕਰਾਰ ਦੇ ਕੇ ਉੱਥੋਂ ਤਬਦੀਲ ਕਰ ਦਿੱਤਾ ਗਿਆ।

ਸਮੁੱਚੀ ਚੋਣ ਮੁਹਿੰਮ ਦੌਰਾਨ ਅਕਾਲੀ ਦਲ ਅਤੇ ਇਸ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦਾ ਸ਼ਾਨਦਾਰ ਸਮਰਥਨ ਕਰਨ ਅਤੇ ਕੱਲ ਪਾਰਟੀ ਦੇ ਰੋਡ ਸ਼ੋਅ ਦਾ ਜ਼ੋਰਦਾਰ ਸਵਾਗਤ ਕਰਨ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਸ.ਬਾਦਲ ਨੇ ਅਪੀਲ ਕੀਤੀ ਕਿ ਜਮਹੂਰੀਅਤ ਦੀ ਰਾਖੀ ਉਹ ਡਟੇ ਰਹਿਣ।ਉਹਨਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਾਂਗਰਸ ਦੇ ਦਾਗੀ ਉਮੀਦਵਾਰ ਅਤੇ ਪਿਛਲੇ ਇੱਕ ਸਾਲ ਤੋਂ ਵੱਧ ਦੇ ਸਾਸ਼ਨ ਦੌਰਾਨ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਵਾਸਤੇ ਸਾਰੇ ਇੱਕਜੁੱਟ ਹੋ ਜਾਣ।ਉਹਨਾਂ ਸ਼ਾਹਕੋਟ ਹਲਕੇ ਦੀਆਂ ਮਹਿਲਾ ਵੋਟਰਾਂ ਨੂੰ ਵਿਸੇਥਸ਼ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਨੂੰ ਹਰਾਉਣ ਵਾਸਤੇ ਉਹ ਵੱਡੀ ਗਿਣਤੀ ਵਿਚ ਜਾ ਕੇ ਵੋਟਾਂ ਪਾਉਣ।

-PTCNews

Related Post