ਸੁਖਬੀਰ ਬਾਦਲ ਵੱਲੋਂ ਐਨ.ਡੀ.ਏ ਸਰਕਾਰ ਦੇ ਸਾਰੀਆਂ ਮੁੱਖ ਫਸਲਾਂ ਦੇ ਸਮਰਥਨ ਮੁੱਲ ਵਿਚ ਭਾਰੀ ਵਾਧਾ ਕਰਨ ਦੇ ਫੈਸਲੇ ਦਾ ਸਵਾਗਤ

By  Shanker Badra July 3rd 2018 07:41 PM

ਸੁਖਬੀਰ ਬਾਦਲ ਵੱਲੋਂ ਐਨ.ਡੀ.ਏ ਸਰਕਾਰ ਦੇ ਸਾਰੀਆਂ ਮੁੱਖ ਫਸਲਾਂ ਦੇ ਸਮਰਥਨ ਮੁੱਲ ਵਿਚ ਭਾਰੀ ਵਾਧਾ ਕਰਨ ਦੇ ਫੈਸਲੇ ਦਾ ਸਵਾਗਤ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅਨਾਜ,ਦਾਲਾਂ,ਤੇਲ ਦੇ ਬੀਜਾਂ ਅਤੇ ਕਪਾਹ ਆਦਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵਿਚ ਭਾਰੀ ਵਾਧਾ ਕਰਨ ਸੰਬੰਧੀ ਐਨ.ਡੀ.ਏ ਸਰਕਾਰ ਵੱਲੋਂ ਲਏ ਫੈਸਲੇ ਦਾ ਸਵਾਗਤ ਕੀਤਾ ਹੈ।ਇਹਨਾਂ ਫਸਲਾਂ ਦੇ ਸਮਰਥਨ ਮੁੱਲ ਵਿਚ ਇਸ ਢੰਗ ਨਾਲ ਵਾਧਾ ਕਰਨ ਦਾ ਫੈਸਲਾ ਲਿਆ ਹੈ ਕਿ ਆਪਣੀ ਮਜ਼ਦੂਰੀ ਸਮੇਤ ਫਸਲਾਂ ਉੱਤੇ ਆਉਣ ਵਾਲੇ ਸਾਰੇ ਖਰਚੇ ਕੱਢ ਕੇ ਵੀ ਕਿਸਾਨਾਂ ਨੂੰ 50 ਫੀਸਦੀ ਤੋਂ ਵੱਧ ਦਾ ਮੁਨਾਫਾ ਹੋਵੇ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂਕਿ ਗੰਨੇ ਦੀ ਖੇਤੀ ਨੂੰ ਹੁਲਾਰਾ ਦੇਣ ਲਈ 8 ਹਜ਼ਾਰ ਕਰੋੜ ਰੁਪਏ ਦਾ ਪੈਕਜ ਦਿੱਤਾ ਜਾ ਚੁੱਕਿਆ ਹੈ ਪਰ ਕੇਂਦਰ ਦਾ ਗੰਨੇ ਦਾ ਵਾਜਬ ਅਤੇ ਲਾਭਕਾਰੀ ਮੁੱਲ (ਐਫਆਰਪੀ) ਵਧਾਉਣ ਦਾ ਫੈਸਲਾ ਪੂਰੇ ਮੁਲਕ ਦੇ ਗੰਨਾ ਉਤਪਾਦਕਾਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਵੱਡੇ ਫੈਸਲਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲੇ ਨਾ ਸਿਰਫ ਖੇਤੀਬਾੜੀ ਨੂੰ ਇਸ ਦੇ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਣਗੇ,ਸਗੋਂ ਖੇਤੀ ਅਰਥ ਵਿਵਸਥਾ ਨੂੰ ਲੋੜੀਂਦਾ ਹੁਲਾਰਾ ਦੇਣਗੇ।

ਸ.ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਦਰਪੇਸ਼ ਸੰਕਟ ਦਾ ਮੁੱਦਾ ਪਿਛਲੇ ਮਹੀਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਚੰਡੀਗੜ ਫੇਰੀ ਦੌਰਾਨ ਉਠਾਇਆ ਸੀ।ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਡੂੰਘੀ ਚਰਚਾ ਹੋਈ ਸੀ ਅਤੇ ਅਮਿਤ ਸ਼ਾਹ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਕਾਂਗਰਸ ਸਰਕਾਰ ਵੱਲੋਂ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਨਾ ਪੂਰਾ ਕਰਨ ਕਰਕੇ ਤਕਲੀਫ਼ਾਂ ਭੋਗ ਰਹੇ ਹਨ। ਕਾਂਗਰਸੀ ਹਕੂਮਤ ਦੇ ਪਿਛਲੇ ਡੇਢ ਸਾਲ ਦੌਰਾਨ ਕਿਸਾਨ ਖੁਦਕੁਥਸ਼ੀਆਂ ਵਿਚ ਹੋਏ ਵਾਧੇ ਬਾਰੇ ਵੀ ਚਰਚਾ ਕੀਤੀ ਗਈ ਸੀ,ਜਿਸ ਤਹਿਤ 500 ਤੋਂ ਵੱਧ ਕਿਸਾਨਾਂ ਅਪਣੀ ਜਾਨ ਦੇ ਚੁੱਕੇ ਹਨ।ਭਾਜਪਾ ਪ੍ਰਧਾਨ ਨਾਲ ਇਸ ਮੀਟਿੰਗ ਦੌਰਾਨ ਅਕਾਲੀ ਦਲ ਵੱਲੋਂ ਕਣਕ ਅਤੇ ਝੋਨੇ ਸਮੇਤ ਸਾਰੀਆਂ ਮੁੱਖ ਫਸਲਾਂ ਦੇ ਸਮਰਥਨ ਮੁੱਲ ਵਿਚ ਵਾਧਾ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ।

ਉਹਨਾਂ ਕਿਹਾ ਕਿ ਜਦੋਂ ਗੁਰਦੁਆਰਿਆਂ,ਦੂਜੇ ਧਾਰਮਿਕ ਅਤੇ ਚੈਰੀਟੇਬਲ ਅਸਥਾਨਾਂ ਵਿਚ ਲੰਗਰ ਉੱਤੇ ਜੀਐਸਟੀ ਛੋਟ ਦਿੱਤੇ ਜਾਣ ਮਗਰੋਂ ਅਕਾਲੀ ਦਲ ਦਾ ਵਫ਼ਦ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲਿਆ ਸੀ ਤਾਂ ਉਸ ਸਮੇਂ ਉਹਨਾਂ ਨਾਲ ਕਿਸਾਨੀ ਸੰਕਟ ਉੱਤੇ ਵੀ ਚਰਚਾ ਕੀਤੀ ਸੀ।ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਐਨ.ਡੀ.ਏ ਸਰਕਾਰ ਨੇ ਸਾਡੀਆਂ ਬੇਨਤੀਆਂ ਉੱਤੇ ਕਾਰਵਾਈ ਕੀਤੀ ਹੈ ਅਤੇ ਇਹ ਸਾਰੀਆਂ ਮੁੱਖ ਫਸਲਾਂ ਦੇ ਸਮਰਥਨ ਮੁੱਲ ਵਿਚ ਭਾਰੀ ਵਾਧਾ ਕਰਨ ਜਾ ਰਹੀ ਹੈ।ਇਹ ਸ.ਬਾਦਲ ਵੱਲੋਂ ਸਵਾਮੀਨਾਥਨ ਰਿਪੋਰਟ ਦੀ ਕੀਤੀ ਵਕਾਲਤ ਦੀ ਵੀ ਜਿੱਤ ਹੈ ਅਤੇ ਉਹਨਾਂ ਦੀ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਇੱਛਾ ਆਖਿਰ ਪੂਰੀ ਹੋ ਰਹੀ ਹੈ ਅਤੇ ਐਨ.ਡੀ.ਏ ਖੇਤੀ-ਵਿਗਿਆਨੀ ਵੱਲੋਂ ਕੀਤੀਆਂ ਜ਼ਿਆਦਾਤਰ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਵਚਨਵੱਧਤਾ ਪੁਗਾ ਰਹੀ ਹੈ।

ਸ.ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੇਂਦਰੀ ਭੰਡਾਰ ਵਾਸਤੇ ਕਣਕ ਅਤੇ ਝੋਨਾ ਉਗਾਉਣ ਲਈ ਵਰਤੇ ਜਾਂਦੇ ਮਹਿੰਗੇ ਪਾਣੀ ਦੀ ਕੀਮਤ ਨੂੰ ਵੀ ਖੇਤੀ ਲਾਗਤ ਵਿਚ ਜੋੜਿਆ ਜਾਵੇ। ਉਹਨਾਂ ਕਿਹਾ ਕਿ ਫਸਲਾਂ ਦੀ ਲਾਗਤ ਕੱਢਣ ਵੇਲੇ ਇਹਨਾਂ ਖਰਚਿਆਂ ਨੂੰ ਵੀ ਵਿਚ ਜੋੜਿਆ ਜਾ ਸਕੇਗਾ।ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਸ਼ੁਰੂ ਹੋਣ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਧਰਤੀ ਹੇਠਲੇ ਪਾਣੀ ਵਿਚ ਲਗਾਤਾਰ ਗਿਰਾਵਟ ਆਈ ਹੈ। ਕੇਂਦਰੀ ਪੂਲ ਵਾਸਤੇ ਝੋਨਾ ਪੈਦਾ ਕਰਨਾ ਇਸ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਰਿਹਾ ਹੈ।

ਸ.ਬਾਦਲ ਨੇ ਕਿਹਾ ਕਿ ਸਾਰੀਆਂ ਮੁੱਖ ਫਸਲਾਂ ਜਿਵੇਂ ਕਣਕ,ਝੋਨਾ,ਦਾਲਾਂ,ਮੱਕੀ,ਮੂੰਗਫਲੀ,ਕਪਾਹ ਅਤੇ ਸੋਇਆਬੀਨ ਨੂੰ ਐਮਐਸਪੀ ਦੇ ਘੇਰੇ ਅੰਦਰ ਲਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਹਟ ਕੇ ਫਸਲੀ ਵਿੰਿਭਨਤਾ ਅਪਣਾਉਣ ਵਿਚ ਮੱਦਦ ਮਿਲੇਗੀ।ਉਹਨਾਂ ਕਿਹਾ ਕਿ ਬੀਜਾਂ,ਕੀਟਨਾਸ਼ਕਾਂ,ਮਜ਼ਦੂਰੀ ਅਤੇ ਜ਼ਮੀਨ ਦੀ ਕੀਮਤ ਆਦਿ ਨੂੰ ਜੋੜ ਕੇ ਹੀ ਸਾਰੀਆਂ ਫਸਲਾਂ ਦਾ ਸਮਰਥਨ ਮੁੱਲ ਤੈਅ ਹੋਣਾ ਚਾਹੀਦਾ ਹੈ।

-PTCNews

Related Post