ਸੁਖਬੀਰ ਸਿੰਘ ਬਾਦਲ ਨੇ ਤੰਗ-ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਕੀਤਾ ਸਾਂਝਾ

By  Baljit Singh June 28th 2021 07:15 PM

ਲਾਲੜੂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਨੌਜਵਾਨ ਲੜਕੀ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਜੇਕਰ ਤੰਗ ਪ੍ਰੇਸ਼ਾਨ ਕਰਨ ਵਾਲੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਅਕਾਲੀ ਦਲ ਐਸ ਐਸ ਪੀ ਮੁਹਾਲੀ ਦੇ ਦਫਤਰ ਦੇ ਘਿਰਾਓ ਸਮੇਤ ਸੰਘਰਸ਼ ਤੇਜ਼ ਕਰੇਗਾ।

ਪੜੋ ਹੋਰ ਖਬਰਾਂ: ‘ਡੈਲਟਾ ਪਲੱਸ’ ਕੋਰੋਨਾ ਦੇ ਹੋਰ ਰੂਪਾਂ ਦੇ ਮੁਕਾਬਲੇ ਫੇਫੜਿਆਂ ਲਈ ਵਧੇਰੇ ਘਾਤਕ

ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਡੇਰਾ ਬਸੀ ਦੇ ਵਿਧਾਇਕ ਐਨ ਕੇ ਸ਼ਰਮਾ ਦੇ ਨਾਲ ਮਿਲ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਇਸ ਦੁਖਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਭਰੋਸਾ ਦੁਆਇਆ ਕਿ ਪਰਿਵਾਰ ਲਈ ਇਨਸਾਫ ਯਕੀਨੀ ਬਣਾਉਣ ਵਾਸਤੇ ਅਕਾਲੀ ਦਲ ਕੋਈ ਕਸਰ ਨਹੀਂ ਛੱਡੇਗਾ।

ਉਹਨਾਂ ਕਿਹਾ ਕਿ ਕੇਸ ਵਿਚ ਕਾਰਵਾਈ ਕਰਨ ਵਾਸਤੇ ਜ਼ਿਲ੍ਹਾ ਪੁਲਿਸ ’ਤੇ ਦਬਾਅ ਬਣਾਉਣ ਲਈ ਲੋਕ ਲਹਿਰ ਤਿੱਖੀ ਕਰਨ ਦੇ ਨਾਲ ਨਾਲ ਅਕਾਲੀ ਦਲ ਪ੍ਰਭਾਵਤ ਪਰਿਵਾਰ ਦੀ ਕਾਨੂੰਨੀ ਮਦਦ ਵੀ ਕਰੇਗਾ। ਉਹਨਾਂ ਕਿਹਾ ਕਿ ਅਸੀਂ ਲੋੜ ਪੈਣ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕਰਾਂਗੇ।

ਪੜੋ ਹੋਰ ਖਬਰਾਂ: ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਥਾਰ, ਕੇਂਦਰ ਸਰਕਾਰ ਨੇ PF ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਸ ਐਸ ਪੀ ਮੁਹਾਲੀ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੂੰ ਕੇਸ ਵਿਚ ਤੁਰੰਤ ਕਾਰਵਾਈ ਕਰਨ ਵਾਸਤੇ ਆਖਿਆ। ਉਹਨਾਂ ਐਸ ਐਸ ਪੀ ਨੂੰ ਕਿਹਾ ਕਿ ਦੋਸ਼ੀਆਂ ਨੁੰ ਫੜਨ ਵਿਚ ਦੇਰੀ ਨਾਲ ਇਹ ਸੁਨੇਹਾ ਜਾਵੇਗਾ ਕਿ ਉਹਨਾ ਨੁੰ ਸਿਆਸੀ ਸ਼ਰਣ ਮਿਲੀ ਹੋਈ ਹੈ ਤੇ ਇਹ ਗੱਲ ਪ੍ਰਵਾਨ ਨਹੀਂ ਕੀਤੀ ਜਾ ਸਕੀ। ਉਹਨਾਂ ਕਿਹਾ ਕਿ ਅਸੀਂ ਮਹਿਲਾਵਾਂ ਦੇ ਮਾਣ ਸਨਮਾਨ ਦੇ ਮਾਮਲੇ ਵਿਚ ਸਮਝੌਤਾ ਨਹੀਂ ਕਰ ਸਕਦੇ।

ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਜਿਹੇ ਹਾਲਾਤ ਇਸ ਕਰ ਕੇ ਬਣੇ ਹੋਏ ਹਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਅਫਸਰਸ਼ਾਹੀ ’ਤੇ ਸੁੱਟ ਦਿੱਤੀ ਹੈ ਜਿਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੀੜਤ ਪਰਿਵਾਰ ਦੇ ਦੁੱਖ ਤੇ ਤਕਲੀਫ ਦੀ ਮੁੱਖ ਮੰਤਰੀ ਦਫਤਰ ਨੂੰ ਜਾਣਕਾਰੀ ਨਹੀਂ ਮਿਲੀ, ਹਾਲਾਂਕਿ ਦਫਤਰ ਇਥੋਂ ਸਿਰਫ 10 ਕਿਲੋਮੀਟਰ ਦੂਰ ਹੈ।

ਪੜੋ ਹੋਰ ਖਬਰਾਂ: ਮੋਬਾਇਲ ਚੋਰੀ ਹੋਣ ‘ਤੇ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਖਾਤਾ ਹੋ ਸਕਦੈ ਖਾਲੀ

ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਕੁਲਦੀਪ ਕੌਰ ਤਕਨੀਕੀ ਸਿੱਖਿਆ ਤੇ ਸਿਖਲਾਈ ਵਿਭਾਗ ਵਿਚ ਕਲਰਕ ਲੱਗੀ ਹੋਈ ਸੀ। ਉਹਨਾਂ ਦੱਸਿਆ ਕਿ ਭਾਵੇਂ ਕਿ ਵਿਭਾਗ ਦੇ ਦੋ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਪੀੜਤ ਪਰਿਵਾਰ ਲਈ ਨਿਆਂ ਹਾਸਲ ਕਰਨ ਵਾਸਤੇ ਸਰਗਰਮੀ ਨਾਲ ਸੰਘਰਸ਼ ਕਰ ਰਿਹਾ ਹੈ ਤੇ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਸਜ਼ਾ ਨਾ ਦਿੱਤੀ ਗਈ ਤਾਂ ਫਿਰ ਸੰਘਰਸ਼ ਹੋਰ ਤਿੱਖਾ ਕਰੇਗਾ।

-PTC News

Related Post