ਸੁਲਤਾਨਪੁਰ ਲੋਧੀ ਨੂੰ ਇੱਕ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ: ਹਰਸਿਮਰਤ

By  Jashan A November 20th 2018 03:52 PM

ਸੁਲਤਾਨਪੁਰ ਲੋਧੀ ਨੂੰ ਇੱਕ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ: ਹਰਸਿਮਰਤ,ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੁਲਤਾਨਪੁਰ ਲੋਧੀ ਨੂੰ ਇੱਕ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਦਾ ਫੈਸਲਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਨਿਵੇਕਲੀ ਪਹਿਲਕਦਮੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਪੰਜਾਬ ਵਿਚ ਅੰਤਰ-ਧਰਮ ਅਧਿਐਨ ਵਾਸਤੇ ਰਾਸ਼ਟਰੀ ਸੰਸਥਾਨ ਕਾਇਮ ਕਰਨ ਅਤੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਰੋਹਾਂ ਦਾ ਆਯੋਜਨ ਕਰਨ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਦੁਆਰਾ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਬਣਾਈ ਰਾਸ਼ਟਰੀ ਤਾਮੀਲ ਕਮੇਟੀ (ਐਨਆਈਸੀ) ਦਾ ਮਹਾਨ ਗੁਰੂ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਧੀਆ ਢੰਗ ਨਾਲ ਮਨਾਉਣ ਲਈ ਇੱਕ ਸਾਲ ਲੰਬੇ ਜਸ਼ਨਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਵੀ ਧੰਨਵਾਦ ਕੀਤਾ। ਇਸ ਕਮੇਟੀ ਵਿਚ ਕੇਂਦਰੀ ਰਾਜ ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ ਵੀ ਸ਼ਾਮਿਲ ਹਨ। ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਲਈ ‘ਪਿੰਡ ਬੇਬੇ ਨਾਨਕੀ ਦਾ‘ ਦੀ ਭਾਵਨਾ ਨੂੰ ਰੂਪਮਾਨ ਕਰਨ ਲਈ ਸੁਲਤਾਨਪੁਰ ਲੋਧੀ ਨੂੰ ਇੱਕ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਹੋਰ ਉਪਰਾਲਿਆਂ ਤੋਂ ਇਲਾਵਾ ਇੱਥੋਂ ਦੇ ਰੇਲਵੇ ਸਟੇਸ਼ਨ ਨੂੰ ਵੱਡਾ ਕੀਤਾ ਜਾਵੇਗਾ। ਇਹ ਟਿੱਪਣੀ ਕਰਦਿਆਂ ਕਿ ਪ੍ਰਕਾਸ਼ ਪੁਰਬ ਦੀ ਵਰ੍ਹੇ ਗੰਢ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਇਲਮ ਭਾਈਵਾਲ‘ ਬਣਾਇਆ ਗਿਆ ਹੈ, ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਜਸ਼ਨਾਂ ਦੌਰਾਨ ਮਹਾਨ ਗੁਰੂ ਸਾਹਿਬਾਨ ਦੇ ਸਾਂਝੀਵਾਲਤਾ ਅਤੇ ਭਾਈਚਾਰੇ ਦੇ ਸੁਨੇਹੇ ਦਾ ਪ੍ਰਚਾਰ ਕਰਨ ਲਈ ਢੁੱਕਵੀਆਂ ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਫਖਰ ਦੀ ਗੱਲ ਹੈ ਕਿ ਐਨਆਈਸੀ ਨੇ ਇਸ ਸੰਬੰਧ ਵਿਚ ਇੱਕ ਅੰਤਰਰਾਸ਼ਟਰੀ ਸਮਾਰੋਹ ਕਰਵਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਇੰਗਲੈਂਡ ਅਤੇ ਕੈਨੇਡਾ ਵਿਚ ਚੇਅਰਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਆਖਰੀ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੀ ਝਲਕ ਵੇਖਣ ਲਈ ਭਾਰਤ-ਪਾਕਿ ਸਰਹਹੱਦ ਉੱਤੇ ਜਾਣ ਵਾਲੀਆਂ ਸਿੱਖ ਸੰਗਤਾਂ ਵਾਸਤੇ ਉੱਥੇ ਇੱਕ ਵੱਡੀ ਟੈਲੀਸਕੋਪ ਲਗਾਈ ਜਾਵੇਗੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਾਲੇ ਸਾਲ ਦੌਰਾਨ ਗੁਰੂ ਸਾਹਿਬਾਨ ਦੀ ਯਾਦ ਵਿਚ ਇੱਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। —PTC News

Related Post