ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਵੱਡੀ ਰਾਹਤ, ਰੋਡ ਰੇਜ ਮਾਮਲੇ ਦੀ ਸੁਣਵਾਈ 25 ਫਰਵਰੀ ਤੱਕ ਮੁਲਤਵੀ

By  Jasmeet Singh February 3rd 2022 05:10 PM -- Updated: February 3rd 2022 06:22 PM

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਆਪਣੇ ਹੀ ਸਾਲ 2018 ਦੇ ਫੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਕੀਤੀ, ਜਿਸ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਨੂੰ ਘਟਾ ਕੇ 1000 ਰੁਪਏ ਕਰ ਦਿੱਤਾ ਸੀ। ਹੇਠਲੀ ਅਦਾਲਤ ਵੱਲੋਂ ਸਿੱਧੂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਸਾਲ 1998 'ਚ ਇੱਕ ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਅਦਾਲਤ ਨੇ ਇਸ ਸੁਣਵਾਈ ਨੂੰ 25 ਫਰਵਰੀ ਤੱਕ ਟਾਲ ਦਿੱਤਾ ਹੈ।

ਇਹ ਵੀ ਪੜ੍ਹੋ: ਕਾਂਗਰਸ ਪਾਰਟੀ ਲੋਕਤੰਤਰ ਦੇ ਨਾਂ 'ਤੇ ਕੀਤੇ ਧੋਖੇ ਦਾ ਲੋਕਾਂ ਨੂੰ ਜਵਾਬ ਦੇਵੇ: ਸ਼੍ਰੋਮਣੀ ਅਕਾਲੀ ਦਲ

ਇਸ ਮੁਕੱਦਮੇ ਵਿੱਚ ਪਟੀਸ਼ਨਕਰਤਾਵਾਂ ਦੇ ਵੱਲੋਂ ਸੀਨੀਅਰ ਵਕੀਲ ਸਿਧਾਰਥ ਲੂਥਰਾ ਅਤੇ ਦੋਸ਼ੀਆਂ ਵੱਲੋਂ ਉਨ੍ਹਾਂ ਦੇ ਵਕੀਲ ਪੀ.ਚਿਦੰਬਰਮ ਕੋਰਟ ਵਿੱਚ ਹਾਜ਼ਿਰ ਹੋਏ। ਜਦਕਿ ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਸੰਜਯ ਜਿਸ਼ਨ ਕੌਲ ਦੀ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਕੀਤੀ।

ਸੁਣਵਾਈ ਦੌਰਾਨ ਜਸਟਿਸ ਖਾਨਵਿਲਕਰ ਨੇ ਪਹਿਲਾਂ ਪੁੱਛਿਆ ਕਿ ਪਟੀਸ਼ਨਰ ਲਈ ਕੌਣ ਹੈ? ਉਨ੍ਹਾਂ ਕਿਹਾ ਕਿ ਕੁਝ ਪੱਤਰ ਪ੍ਰਸਾਰਿਤ ਕੀਤੇ ਗਏ ਹਨ।

ਇਸਤੋਂ ਤੁਰੰਤ ਬਾਅਦ ਚਿਦੰਬਰਮ ਨੇ ਕਿਹਾ ਕਿ ਕੇਸ ਪੇਸ਼ ਕਰ ਰਹੇ ਨਵੇਂ ਵਕੀਲ ਵੱਲੋਂ ਅੱਜ ਸਵੇਰੇ ਹੀ ਇਸਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਇਸ ਮਾਮਲੇ ਦੀ ਸੁਣਵਾਈ ਨੂੰ 21 ਫਰਵਰੀ ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ।

ਜਿਸ 'ਤੇ ਜਸਟਿਸ ਖਾਨਵਿਲਕਰ ਨੇ ਕਿਹਾ ਕਿ ਅਸੀਂ ਇਸ ਨੂੰ 4 ਹਫਤਿਆਂ ਬਾਅਦ ਸੁਣਾਂਗੇ। ਉਨ੍ਹਾਂ ਪਟੀਸ਼ਨਰ ਨੂੰ ਵੀ ਸਵਾਲ ਕੀਤਾ ਕਿ ਤੁਸੀਂ 2018 ਤੋਂ ਬਾਅਦ ਹੁਣ ਤੱਕ ਕਿਉਂ ਨਹੀਂ ਆਏ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਇਸ ਮਾਮਲੇ ਦੀ ਸੁਣਵਾਈ ਪੰਜਾਬ ਚੋਣਾਂ ਤੋਂ 2 ਹਫ਼ਤੇ ਪਹਿਲਾਂ ਹੋਵੇ? ਜੱਜ ਨੇ ਕਿਹਾ ਕਿ ਜੇਕਰ 2 ਜਾਂ 4 ਹਫ਼ਤਿਆਂ ਤੱਕ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਕੁਝ ਨਹੀਂ ਹੋਵੇਗਾ।

ਇਸ 'ਤੇ ਆਪਣੀ ਗੱਲ ਨੂੰ ਜੋੜਦੇ ਹੋਏ ਜਸਟਿਸ ਕੌਲ ਨੇ ਵੀ ਕਿਹਾ ਕਿ ਦੂਜੇ ਪੱਖ ਤੋਂ ਵੇਖਿਆ ਜਾਵੇ ਤਾਂ ਸਿੱਧੂ ਲਈ ਇਹ 2 ਹਫ਼ਤੇ ਅਹਿਮ ਸਨ।

ਇਹ ਵੀ ਪੜ੍ਹੋ: ਪੰਜਾਬੀ ਸਿੰਗਰ 'Karan Aujla' ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ

ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ ਕੇਸ ਵਿੱਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੂੰ ਮਈ 2018 'ਚ ਰਾਹਤ ਦੇ ਦਿੱਤੀ ਸੀ। 27 ਦਸੰਬਰ 1988 ਨੂੰ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸੰਧੂ ਦੀ ਪਟਿਆਲਾ ਵਿੱਚ ਪਾਰਕਿੰਗ ਵਾਲੀ ਥਾਂ ਨੂੰ ਲੈ ਕੇ ਗੁਰਨਾਮ ਸਿੰਘ ਨਾਲ ਬਹਿਸ ਹੋ ਗਈ ਸੀ। ਦੋਵਾਂ ਨੇ ਕਥਿਤ ਤੌਰ 'ਤੇ ਗੁਰਨਾਮ ਸਿੰਘ ਨੂੰ ਉਸਦੀ ਕਾਰ ਤੋਂ ਬਾਹਰ ਖਿੱਚ ਉਸ ਨਾਲ ਕੁੱਟਮਾਰ ਕੀਤੀ ਸੀ, ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ 'ਚ ਸਿੱਧੂ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ 2006 ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਸੀ।

-PTC News

Related Post