ਗੁਰੂ ਘਰਾਂ ’ਚ ਲੰਗਰ ਛਕਣ ਦੀ ਮਰਯਾਦਾ ਬਦਲਣ ਦਾ ਕਿਸੇ ਨੂੰ ਹੱਕ ਨਹੀਂ:ਭਾਈ ਲੌਂਗੋਵਾਲ

By  Shanker Badra June 26th 2018 07:39 PM

ਗੁਰੂ ਘਰਾਂ ’ਚ ਲੰਗਰ ਛਕਣ ਦੀ ਮਰਯਾਦਾ ਬਦਲਣ ਦਾ ਕਿਸੇ ਨੂੰ ਹੱਕ ਨਹੀਂ:ਭਾਈ ਲੌਂਗੋਵਾਲ:ਗੁਰੂ ਘਰਾਂ ਅੰਦਰ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਮਰਯਾਦਾ ਹੈ ਅਤੇ ਇਹ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ।ਇਸ ਨੂੰ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਸਟ੍ਰੇਲੀਆ ਦੇ ਸਿਡਨੀ ਵਿਚ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲੰਗਰ ਛਕਣ ਲਈ ਪੰਗਤ ਦੀ ਥਾਂ ਕੁਰਸੀਆਂ ’ਤੇ ਬੈਠਣ ਦੇ ਆਪਹੁਦਰੇ ਫੈਸਲੇ ’ਤੇ ਪਰਤੀਕਰਮ ਦਿੰਦਿਆਂ ਕੀਤਾ ਹੈ। ਜਾਰੀ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਸਬੰਧਤ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਫੈਸਲੇ ਨੂੰ ਸਪੱਸ਼ਟ ਸ਼ਬਦਾਂ ਵਿਚ ਨਕਾਰਦਿਆਂ ਕਿਹਾ ਪੰਥਕ ਰਵਾਇਤਾਂ ਤੇ ਪਰੰਪਰਾਵਾਂ ਨੂੰ ਬਦਲਣ ਦੀ ਇਹ ਹਰਕਤ ਪੰਥ ਅੰਦਰ ਦੁਬਿਧਾ ਪਾਉਣ ਵਾਲੀ ਹੈ।ਉਨ੍ਹਾਂ ਸਿੱਖ ਰਹਿਤ ਮਰਯਾਦਾ ਦੇ ਹਵਾਲੇ ਨਾਲ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਲੰਗਰ ਦੀ ਮਰਯਾਦਾ ਪੰਗਤ ਨਾਲ ਜੁੜੀ ਹੋਈ ਹੈ।ਗੁਰੂ ਕਾਲ ਦੌਰਾਨ ਬਾਦਸ਼ਾਹਾਂ ਨੂੰ ਵੀ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਣਾ ਪਿਆ ਸੀ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਘਰਾਂ ਵਿਚ ਲੰਗਰ ਦੀ ਮਰਯਾਦਾ ਨੂੰ ਭੁੱਖ ਮਿਟਾਉਣ ਦੀ ਤ੍ਰਿਪਤੀ ਨਾਲੋਂ ਇਸ ਦੇ ਧਾਰਮਿਕ,ਅਧਿਆਤਮਿਕ ਅਤੇ ਸਮਾਜਿਕ ਸਰੋਕਾਰਾਂ ਨੂੰ ਵੀ ਸਮਝਣਾ ਜ਼ਰੂਰੀ ਹੈ।ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੰਥਕ ਪਰੰਪਰਾਵਾਂ ਨੂੰ ਚੁਣੌਤੀ ਦੇਣ ਦੇ ਦੋਸ਼ ਹੇਠ ਉਨ੍ਹਾਂ ਦੀ ਜਵਾਬ ਤਲਬੀ ਕਰਨ। -PTCNews

Related Post