ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ 17 ਫਰਵਰੀ ਨੂੰ ਕਰਨਗੇ ਗੁਪਤ ਐਕਸ਼ਨ

By  Shanker Badra January 29th 2019 07:09 PM

ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ 17 ਫਰਵਰੀ ਨੂੰ ਕਰਨਗੇ ਗੁਪਤ ਐਕਸ਼ਨ:ਬਰਨਾਲਾ: ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੀ 'ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ ਵੱਲੋਂ 27 ਫਰਵਰੀ ਨੂੰ ਪੰਜਾਬ 'ਚ ਕਿਸੇ ਅਣਦੱਸੀ ਜਗ੍ਹਾ 'ਤੇ ਮਹਾਂਰੋਸ-ਰੈਲੀ ਕਰਕੇ ਪੰਜਾਬ ਸਰਕਾਰ ਦੇ "ਘਰ ਘਰ ਨੌਕਰੀ" ਦੇ ਵਾਅਦਿਆਂ ਦੀ ਪੋਲ ਖੋਲ੍ਹਣਗੇ।ਇੱਥੇ ਤਰਕਸ਼ੀਲ ਭਵਨ, ਬਰਨਾਲਾ ਵਿੱਚ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਵਿਖੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਉੱਪਰ ਲਾਠੀਚਾਰਜ ਉਪਰੰਤ ਸਿੱਖਿਆ ਮੰਤਰੀ ਵੱਲੋਂ ਦਿੱਤੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਗਈ, ਜਿਸ ਬਿਆਨ 'ਚ ਉਹਨਾਂ "ਅਧਿਆਪਕ ਯੋਗਤਾ ਪ੍ਰੀਖਿਆ" ਪਾਸ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਦੀ ਬਜਾਏ ਨਿੱਜੀ ਖੇਤਰ 'ਚ ਕੰਮ ਕਰਨ ਦੀ ਸਲਾਹ ਦਿੱਤੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ।ਵਿਧਾਨ ਸਭਾ ਚੋਣਾਂ-2017 ਵੇਲ਼ੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਨੌਜਵਾਨਾਂ ਦੇ ਸੰਘਰਸ਼ਾਂ ਨੂੰ ਡਾਂਗਾਂ ਦੇ ਜ਼ੋਰ 'ਤੇ ਦਬਾਉਣ ਦਾ ਯਤਨ ਕਰ ਰਹੀ ਹੈ ਪਰ ਪੰਜਾਬ ਦੇ ਇਹ ਸੰਘਰਸਸ਼ੀਲ ਨੌਜਵਾਨ ਹੱਕੀ ਸੰਘਰਸ਼ ਲਈ ਪਿੱਛੇ ਹਟਣ ਵਾਲ਼ੇ ਨਹੀਂ ਹਨ।ਸੂਬਾਈ ਆਗੂ ਨਵਜੀਵਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੱਡੀ ਪੱਧਰ 'ਤੇ ਅਧਿਆਪਕ ਅਸਾਮੀਆਂ ਖਾਲੀ ਹਨ।ਜਿਸ ਕਰਕੇ 'ਅਧਿਆਪਕ ਯੋਗਤਾ ਪ੍ਰੀਖਿਆ' ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਕੇ ਇਹ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ, ਜੋ ਕਿ ਉੱਚ ਯੋਗਤਾ ਪ੍ਰਾਪਤ ਕਰਨ ਦੇ ਬਾਵਜੂਦ ਰੁਜ਼ਗਾਰ ਤੋਂ ਵਾਂਝੇ ਹਨ। ਇਸ ਦੌਰਾਨ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਦੇ ਨਿੱੱਜੀਕਰਨ ਸਬੰਧੀ ਲਏ ਜਾ ਰਹੇ ਫੈਸਲਿਆਂ ਦਾ ਵੀ ਡਟਵਾਂ ਵਿਰੋਧ ਕੀਤਾ ਗਿਆ।ਅਮਨ ਬਾਵਾ, ਸੰਦੀਪ ਗਿੱਲ, ਯੁੱਧਜੀਤ ਸਿੰਘ, ਅਮਨ, ਕੁਲਦੀਪ ਪਟਿਆਲਾ, ਗੁਰਪ੍ਰੀਤ ਪੱਕਾ ਕਲਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। -PTCNews

Related Post