ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਸਬੰਧੀ ਵਿੱਢੀਆਂ ਤਿਆਰੀਆਂ

By  Shanker Badra February 24th 2020 06:54 PM

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਸਬੰਧੀ ਵਿੱਢੀਆਂ ਤਿਆਰੀਆਂ:ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਵੱਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 12 ਲੱਖ ਨੌਕਰੀਆਂ ਦੇ ਬਿਆਨਾਂ ਦਾ ਖੰਡਨ ਕੀਤਾ ਗਿਆ। ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਨਿੱਜੀ ਖੇਤਰ ਦੀਆਂ ਨੌਕਰੀਆਂ ਨੂੰ ਪੰਜਾਬ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਾ ਰਹੀ ਹੈ, ਜਦੋਂਕਿ ਪਿਛਲੇ 5 ਮਹੀਨਿਆਂ ਤੋਂ ਪੱਕਾ ਧਰਨਾ ਲਾ ਕੇ ਸੰਘਰਸ਼ ਕਰ ਰਹੇ ਅਤੇ 5 ਵਾਰ ਲਾਠੀਚਾਰਜ ਦਾ ਸ਼ਿਕਾਰ ਹੋਏ ਉੱਚ-ਯੋਗਤਾਵਾਂ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਮੁੱਖ-ਮੰਤਰੀ ਕੋਲ ਮਿਲਣ ਦਾ ਸਮਾਂ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਹਨ ਪਰ ਪੰਜਾਬ ਸਰਕਾਰ ਭਰਤੀ ਲਈ ਉਮਰ-ਹੱਦ 37 ਤੋਂ 42 ਸਾਲ ਕਰਨ ਲਈ ਟਾਲ਼ਾ ਵੱਟ ਰਹੀ ਹੈ, ਜਦੋਂਕਿ ਅਜਿਹਾ ਕਰਨ ਨਾਲ ਖਜ਼ਾਨੇ 'ਤੇ ਕੋਈ ਬੋਝ ਨਹੀਂ ਪੈਣਾ। ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਲਗਭਗ 30 ਹਜ਼ਾਰ ਅਸਾਮੀਆਂ ਖਾਲੀ ਹਨ ਪਰ ਸਿੱਖਿਆ ਵਿਭਾਗ ਸਿਰਫ 6 ਹਜ਼ਾਰ 'ਤੇ ਉਹ ਵੀ ਸਿਰਫ਼ ਸਰਹੱਦੀ ਜ਼ਿਲਿਆਂ ਲਈ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸਿੰਗਲਾ ਪਿਛਲੇ ਸਾਲ ਤੋਂ ਦਾਅਵਾ ਕਰਦੇ ਆ ਰਹੇ ਸਨ ਕਿ ਜਨਵਰੀ ਮਹੀਨੇ 'ਚ ਅਧਿਆਪਕ ਭਰਤੀ ਦਾ ਇਸ਼ਤਿਹਾਰ ਜਾਰੀ ਹੋ ਜਾਵੇਗਾ ਪਰ ਹੁਣ ਫਰਵਰੀ ਦਾ ਮਹੀਨਾ ਵੀ ਬੀਤ ਗਿਆ ਹੈ। ਇਸ ਕਰਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਤਿੱਖੇ-ਸੰਘਰਸ਼ ਦੀ ਰੂਪ-ਰੇਖ਼ਾ ਉਲੀਕੀ ਹੈ ਅਤੇ ਬਕਾਇਦਾ ਘਰੋ-ਘਰੀਂ ਸੰਪਰਕ ਮੁਹਿੰਮ ਚਲਾਕੇ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਵਿੱਢੀਆਂ ਹਨ। ਇਸ ਦੌਰਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਪੂਨਮ ਰਾਣੀ, ਗਗਨਦੀਪ ਕੌਰ ਗਰੇਵਾਲ ਨੇ ਵੀ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ 'ਤੇ 2017 ਦੀਆਂ ਵਿਧਾਨ-ਸਭਾ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ। ਅਧਿਆਪਕਾਂ ਨੇ ਮੰਗ ਕੀਤੀ ਕਿ ਭਰਤੀ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਖ਼ਤਮ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਦੀ ਕਾਪੀ ਤੁਰੰਤ ਯੂਨੀਅਨ ਨੂੰ ਸੌਂਪੀ ਜਾਵੇ, ਉਮਰ-ਹੱਦ 37 ਤੋਂ 42 ਸਾਲ ਕਰਦਿਆਂ ਪੰਜਾਬ ਭਰ ਲਈ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। -PTCNews

Related Post