ਆਦਮਪੁਰ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਲਈ ਪ੍ਰਮੁੱਖ ਤਰਜੀਹ-ਮੁੱਖ ਮੰਤਰੀ

By  Riya Bawa November 15th 2021 06:10 PM -- Updated: November 15th 2021 06:13 PM

ਆਦਮਪੁਰ (ਜਲੰਧਰ): ਦੋਆਬਾ ਨੂੰ ਪੰਜਾਬ ਦਾ ਦਿਲ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖਾਸ ਕਰਕੇ ਆਦਮਪੁਰ ਹਲਕੇ ਵਿਚ ਵਿਕਾਸ ਮੁਖੀ ਪ੍ਰਾਜੈਕਟਾਂ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦੇ ਕੇ ਇਸ ਨੂੰ ਸੂਬੇ ਦਾ ਮੋਹਰੀ ਹਿੱਸਾ ਬਣਾਉਣ ਦਾ ਪ੍ਰਣ ਲਿਆ। ਆਦਮਪੁਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਤਹਿਤ ਮੁੱਖ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ 19 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਇੱਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 19 ਕਰੋੜ ਰੁਪਏ ਵਿੱਚੋਂ 9 ਕਰੋੜ ਰੁਪਏ ਸੜਕਾਂ ਦੀ ਮਜ਼ਬੂਤੀ/ਚੌੜਾ ਕਰਨ ਅਤੇ ਚਾਰ ਮਾਰਗੀ ਕਰਨ ਲਈ ਰੱਖੇ ਗਏ ਹਨ ਜਦਕਿ 10 ਕਰੋੜ ਰੁਪਏ ਕਿਸੇ ਕਿਸਮ ਦੇ ਵਿਕਾਸ ਮੁਖੀ ਕਾਰਜ ਕਰਨ ਲਈ ਮਹਿੰਦਰ ਸਿੰਘ ਕੇ.ਪੀ. ਲਈ ਰੱਖ ਦਿੱਤੇ ਗਏ ਹਨ। ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ (ਕੈਬਨਿਟ ਰੈਂਕ) ਮਹਿੰਦਰ ਸਿੰਘ ਕੇ.ਪੀ. ਵੱਲੋਂ ਆਦਮਪੁਰ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਦੀ ਰੱਖੀ ਗਈ ਮੰਗ ਦੇ ਜਵਾਬ ਵਿਚ ਮੁੱਖ ਮੰਤਰੀ ਚੰਨੀ ਨੇ ਇਸ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਛੇਤੀ ਹੀ ਸਰਵੇਖਣ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਵੱਡੀ ਸੜਕ ਨਾਲ 5-10 ਏਕੜ ਜ਼ਮੀਨ ਦੀ ਵਿਵਸਥਾ ਹੋਣ ਉਤੇ ਆਦਮਪੁਰ ਵਿਚ ਡਿਗਰੀ ਕਾਲਜ ਖੋਲ੍ਹਣ ਦੀ ਮੰਗ ਮੰਨਣ ਲਈ ਤਿਆਰ ਹਨ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਵੱਲੋਂ ਜਾਂਦੀ ਸੜਕ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇਗਾ ਅਤੇ ਹਵਾਈ ਅੱਡੇ ਦਾ ਨਾਮ ਵੀ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਣ ਲਈ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਕ ਹੋਰ ਮੰਗ ਦੇ ਜਵਾਬ ਵਿਚ ਕਿਹਾ, “ਕਸ਼ੱਤਰੀਆ ਰਾਜਪੂਤਾਂ ਨੂੰ ਮੁੜ ਜਨਰਲ ਕੈਟਾਗਰੀ ਦਾ ਦਰਜਾ ਦਿੱਤਾ ਜਾਵੇਗਾ।”

ਇਸ ਤੋਂ ਇਲਾਵਾ 21 ਲੱਖ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਪਹਿਲਾਂ ਵਾਂਗ ਜਾਰੀ ਰਹੇਗੀ, ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਲਾਲ ਲਕੀਰ ਦੇ ਤਹਿਤ ਰਹਿ ਰਹੇ ਲੋਕਾਂ ਨੂੰ ‘ਮੇਰਾ ਘਰ, ਮੇਰੇ ਨਾਮ’ ਅਧੀਨ ਮਾਲਕੀ ਹੱਕ ਦਿੱਤੇ, ਇਕ ਲੱਖ ਨੌਕਰੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ, ਟਿਊਬਵੈਲਾਂ ਦੇ ਬਿੱਲ ਮੁਆਫ਼ ਕਰਕੇ 1200 ਕਰੋੜ ਰੁਪਏ ਦੀ ਰਾਹਤ ਦਿੱਤੀ ਅਤੇ ਪਾਣੀ ਦੀਆਂ ਦਰਾਂ 50 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕਰਨ ਸਮੇਤ ਕਈ ਹੋਰ ਲੋਕ ਪੱਖੀ ਉਪਰਾਲੇ ਕੀਤੇ ਗਏ।

-PTC News

Related Post