ਅੰਮ੍ਰਿਤਸਰ ਤੋਂ ਲੰਡਾ-ਰਿੰਦਾ ਅੱਤਵਾਦੀ ਮਾਡਿਊਲ ਦੇ ਤਿੰਨ ਆਪ੍ਰੇਟਿਵ ਕਾਬੂ; ਏਕੇ-47 ਅਤੇ ਤਿੰਨ ਪਿਸਤੌਲ ਬਰਾਮਦ

By  Jasmeet Singh October 21st 2022 07:05 PM

ਚੰਡੀਗੜ੍ਹ/ਅੰਮ੍ਰਿਤਸਰ, 21 ਅਕਤੂਬਰ: ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ‘ਤੇ ਸ਼ਿਕੰਜਾ ਕੱਸਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਦਿੱਲੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਕਤ ਦੋਸ਼ੀਆਂ ਤੋਂ ਇੱਕ ਏਕੇ-47 ਅਸਾਲਟ ਰਾਈਫਲ ਅਤੇ ਤਿੰਨ ਪਿਸਤੌਲਾਂ ਸਮੇਤ ਗੋਲੀ ਸਿੱਕਾ ਬਰਾਮਦ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡੀਜੀਪੀ ,ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਇਸ ਮਾਡਿਊਲ ਨੂੰ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਹੈਂਡਲ ਕੀਤਾ ਜਾ ਰਿਹਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਵਾਸੀ ਭਿੱਖੀਵਿੰਡ ਜਿਲਾ ਤਰਨਤਾਰਨ, ਆਤਿਸ਼ ਕੁਮਾਰ ਅਤੇ ਅਵਿਨਾਸ਼ ਕੁਮਾਰ ਦੋਵੇਂ ਵਾਸੀ ਪਿੰਡ ਸਰਹਾਲੀ ਕਲਾਂ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਤਿੰਨੋਂ ਮੁਲਜਮ ਗੁਜਰਾਤ ਦੀ ਇੱਕ ਟਾਈਲ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ।

ਇਹ ਕਾਰਵਾਈ, ਦਿੱਲੀ ਪੁਲਿਸ ਵੱਲੋਂ ਮੋਗਾ ਦੇ ਕੋਟ ਈਸੇ ਖਾਂ ਦੇ ਹਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਲਖਬੀਰ ਲੰਡਾ ਦੇ ਨਿਰਦੇਸ਼ਾਂ ‘ਤੇ ਇੱਕ ਏਕੇ-47 ਅਤੇ ਤਿੰਨ ਪਿਸਤੌਲਾਂ ਦੀ ਖੇਪ ਲੈ ਕੇ ਬਲਰਾਜ, ਆਤਿਸ ਅਤੇ ਅਵਿਨਾਸ ਨੂੰ ਸੌਂਪੀ ਸੀ ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਪੁਖ਼ਤਾ ਜਾਣਕਾਰੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਡੀਸੀਪੀ ਡਿਟੈਕਟਿਵ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਵੀਰਵਾਰ ਨੂੰ ਘੀ ਮੰਡੀ ਇਲਾਕੇ ਦੇ ਇੱਕ ਹੋਟਲ ਤੋਂ ਤਿੰਨੋਂ ਮੁਲਜਮਾਂ ਨੂੰ ਤਿੰਨ ਪਿਸਤੌਲਾਂ: ਇੱਕ 9 ਐਮ.ਐਮ. ਸਮੇਤ 22 ਜਿੰਦਾ ਕਾਰਤੂਸ ਅਤੇ ਦੋ .30 ਬੋਰ ਸਮੇਤ 9 ਜਿੰਦਾ ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ।

ਉਨਾਂ ਦੱਸਿਆ ਕਿ ਮੁਲਜਮ ਬਲਰਾਜ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਠੱਠੇ ਵਿਖੇ ਉਸ ਵੱਲੋਂ ਦੱਸੇ ਟਿਕਾਣੇ ਤੋਂ ਏਕੇ-47 ਅਸਾਲਟ ਰਾਈਫਲ ਸਮੇਤ 23 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਪੁਲਿਸ ਕਮਿਸ਼ਨਰ (ਸੀ.ਪੀ) ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਅਤੇ ਇਸ ਮਾਡਿਊਲ ਤੋਂ ਹਥਿਆਰ ਅਤੇ ਗੋਲੀ ਸਿੱਕੇ ਦੀ ਹੋਰ ਬਰਾਮਦਗੀ ਦੀ ਆਸ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 135 ਮਿਤੀ 20.10.2022 ਨੂੰ ਅਸਲਾ ਐਕਟ ਦੀ ਧਾਰਾ 25(8)/54/59 ਅਧੀਨ ਥਾਣਾ ਈ- ਡਵੀਜਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

-PTC News

Related Post