9ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਮਾਗਮ 'ਤੇ ਡੇਢ ਤੋਂ ਦੋ ਲੱਖ ਸੰਗਤਾਂ ਦੇ ਪਹੁੰਚਣ ਦਾ ਅਨੁਮਾਨ

By  Jasmeet Singh April 22nd 2022 12:19 PM -- Updated: April 22nd 2022 12:20 PM

ਪਾਨੀਪਤ, 22 ਅਪ੍ਰੈਲ 2022: ਹਰਿਆਣਾ ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ। ਜਿਸ ਨੂੰ ਮੁਖ ਰੱਖਦੇ 25 ਏਕੜ ਵਿੱਚ ਡੇਢ ਤੋਂ ਦੋ ਲੱਖ ਸੰਗਤਾਂ ਦੇ ਬੈਠਣ ਲਈ ਵਿਲੱਖਣ ਪੰਡਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਰਾਮ ਦਾਸ ਸਰੋਵਰ, ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਅੰਮ੍ਰਿਤ ਵੀ ਲਿਆਇਆ ਗਿਆ ਹੈ। ਇਹ ਵੀ ਪੜ੍ਹੋ: ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਦਾ ਸੰਖੇਪ ਇਤਿਹਾਸ ਹਾਸਿਲ ਜਾਣਕਾਰੀ ਮੁਤਾਬਕ ਸਰਕਾਰ ਦਾ ਅਨੁਮਾਨ ਹੈ ਕਿ ਇਸ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਵੀ ਸੰਗਤਾਂ ਪੁੱਜਣਗੀਆਂ। ਗਰਮੀ ਅਤੇ ਬਰਸਾਤ ਤੋਂ ਬਚਾਅ ਲਈ ਜਰਮਨ ਤਕਨੀਕ ਦੇ ਟੈਂਟ ਨਾਲ ਪੰਡਾਲ ਬਣਾਇਆ ਜਾ ਰਿਹਾ ਹੈ। ਮੁੱਖ ਹਾਲ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸੇ ਹਾਲ ਵਿੱਚ ਸੰਤਾਂ-ਮਹਾਤਮਾਵਾਂ ਅਤੇ ਮਹਾਂਪੁਰਸ਼ਾਂ ਦੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਮਾਗਮ 24 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ ਪਰ ਸੰਗਤਾਂ ਪਹਿਲਾਂ ਹੀ ਸਮਾਗਮ ਵਾਲੀ ਥਾਂ ’ਤੇ ਸੇਵਾ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਪੰਡਾਲ ਦੇ ਪ੍ਰਵੇਸ਼ ਦੁਆਰ ਨੂੰ ਇੱਕ ਅਲੌਕਿਕ ਰੰਗਤ ਵਾਲੀ ਦਿੱਖ ਦੇਣ ਦੀ ਕੋਸ਼ਿਸ਼ ਹੈ। ਸਫ਼ੈਦ ਅਤੇ ਸੁਨਹਿਰੀ ਰੰਗਾਂ ਵਿੱਚ ਬਣੇ ਦਰਵਾਜ਼ੇ ਦੇ ਚਾਰੇ ਪਾਸੇ ਰੰਗਦਾਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਮਾਗਮ ਵਾਲੀ ਥਾਂ 'ਤੇ ਦਸਤਾਰ ਸਜਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੇਟ ਰਾਹੀਂ ਦਾਖਲ ਹੁੰਦੇ ਹੀ ਦੋ ਜੋੜੇ ਘਰ ਬਣਾਏ ਜਾ ਰਹੇ ਹਨ। ਪੰਡਾਲ ਦੇ ਦੋਵੇਂ ਪਾਸੇ ਲੰਗਰ ਦਾ ਪ੍ਰਬੰਧ ਹੋਵੇਗਾ। ਇੱਥੇ ਦੋਵੇਂ ਪਾਸੇ 10-10 ਹਜ਼ਾਰ ਸੰਗਤਾਂ ਇੱਕੋ ਸਮੇਂ ਗੁਰੂ ਦਾ ਲੰਗਰ ਛੱਕ ਸਕਣਗੀਆਂ। ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅਤੇ ਹੋਰਾਂ ਥਾਵਾਂ ਤੋਂ ਵੀ ਵਿਸ਼ਵ ਪ੍ਰਸਿੱਧ ਰਾਗੀ ਅਤੇ ਢਾਡੀ ਜੱਥੇ ਪਹੁੰਚ ਰਹੇ ਹਨ। ਇਸ ਮੌਕੇ ਭਾਈ ਚਮਨਜੀਤ ਸਿੰਘ ਲਾਲ, ਬਲਵਿੰਦਰ ਸਿੰਘ ਰੰਗੀਲਾ, ਦਵਿੰਦਰ ਸਿੰਘ ਸੋਢੀ, ਗਗਨਦੀਪ ਸਿੰਘ ਗੰਗਾਨਗਰ ਵਾਲੇ ਵਰਗੀਆਂ ਹਸਤੀਆਂ ਸੰਗਤਾਂ 'ਚ ਸ਼ਮੂਲੀਅਤ ਕਰਨਗੇ | ਇਸ ਦੇ ਨਾਲ ਹੀ ਢਾਡੀ ਜੱਥੇ ਵੀ ਪਹੁੰਚ ਕੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਨਿਹਾਲ ਕਰਨਗੇ। -PTC News

Related Post