Thu, Dec 12, 2024
Whatsapp

ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਦਾ ਸੰਖੇਪ ਇਤਿਹਾਸ

Reported by:  PTC News Desk  Edited by:  Jasmeet Singh -- April 21st 2022 01:24 PM
ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਦਾ ਸੰਖੇਪ ਇਤਿਹਾਸ

ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਦਾ ਸੰਖੇਪ ਇਤਿਹਾਸ

ਧਰਮ ਅਤੇ ਇਤਿਹਾਸ: ਭਗਤ ਧੰਨਾ ਜੀ ਭਾਰਤ ਵਰਸ਼ ਵਿਚ ਭਗਤੀ ਲਹਿਰ ਦੇ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸ਼੍ਰੋਮਣੀ ਭਗਤਾਂ ਵਿਚੋਂ ਇੱਕ ਸਨ। ਉਨ੍ਹਾਂ ਦਾ ਜਨਮ ਸੰਨ 1416, ਸੰਮਤ 1473, ਵਿਖੇ ਰਾਜਸਥਾਨ ਦੇ ਜ਼ਿਲ੍ਹਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ ਦੇ ਘਰੇ ਹੋਇਆ, ਉਨ੍ਹਾਂ ਦੇ ਪਿਤਾ ਇੱਕ ਮਾਮੂਲੀ ਜ਼ਮੀਦਾਰ ਸਨ। ਬਚਪਨ ਹੱਸਦਿਆਂ ਖੇਡਦਿਆਂ ਬਿਤਾਉਣ ਮਗਰੋਂ ਜਿਵੇਂ ਹੀ ਵੱਡੇ ਹੋਏ ਤਾਂ ਮਾਪਿਓ ਨੇ ਗਊਆਂ ਚਾਰਨ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਉਥੇ ਹੀ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਮੂਰਤੀਆਂ ਨੂੰ ਨੁਹਾਉਂਦਾ, ਘੰਟੀਆਂ ਖੜਕਾ ਕੇ ਉਨ੍ਹਾ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ, ਇਹੀ ਪੂਜਾ ਅਰਚਨਾ ਉਸਦੀ ਰੋਜ਼ੀ ਰੋਟੀ ਦਾ ਵਸੀਲਾ ਵੀ ਸੀ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਣ ਪੁੱਛਿਆ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਘਟ ਅਕਲ ਵਾਲਾ, ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆਕੇ ਜੱਟ ਕੁਝ ਉਲਟੀ ਸਿਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਟੁਟਾ ਫੂਟਾ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿਤਾ। ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਛਕੋ। ਧੰਨੇ ਦੇ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ ਤਾਂ ਭਗਤ ਜੀ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪ੍ਰਮਾਤਮਾ ਵੀ ਸੋਚਾਂ 'ਚ ਪੈ ਗਿਆ, ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਤੇ ਸਚ-ਮੁਚ ਭੁਖਾ ਮਰ ਜਾਵੇਗਾ। ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਿਆ। ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨ ਸ੍ਰੀ ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ, ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿਤਾ। ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ। ਧੰਨੇ ਨੇ ਜੋ ਮੰਗਿਆ ਉਨ੍ਹਾ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਇੰਜ ਦਰਜ਼ ਹਨ; ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥ ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥ ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥ ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ ਅੰਗ ੬੯੫ ਅਰਥ: (ਹੇ ਧਰਤੀ ਦੇ ਪਾਲਣਹਾਰ ਪ੍ਰਭੂ ! ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜਰੂਰਤਾਂ ਪੂਰੀ ਕਰ, ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਪੂਰੇ ਕਰਦਾ ਹੈਂ ॥1॥ ਰਹਾਉ ॥ ਮੈਂ ਤੁਹਾਡੇ ਦਰ ਵਲੋਂ ਦਾਲ, ਆਟਾ ਅਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤਸੀਵਾਂ ਦਾ ਅਨਾਜ ਵੀ ਮੰਗਦਾ ਹਾਂ ॥1॥ ਹੇ ਗੋਪਾਲ ! ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵਲੋਂ ਘਰ ਲਈ ਇੱਕ ਚੰਗੀ ਇਸਤਰੀ (ਨਾਰੀ) ਵੀ ਮੰਗਦਾ ਹਾਂ।) -PTC News


Top News view more...

Latest News view more...

PTC NETWORK