ਅੰਮ੍ਰਿਤਸਰ ਰੇਲਵੇ ਪੁਲਿਸ ਦਾ ਨੇਕ ਕੰਮ, 90 ਸਾਲਾ ਅਮਰੀਕੀ ਵਿਅਕਤੀ ਦਾ ਗੁਆਚਿਆ ਸਮਾਨ ਵਾਪਸ ਕੀਤਾ
ਸ੍ਰੀ ਅੰਮ੍ਰਿਤਸਰ ਸਾਹਿਬ, 27 ਮਈ: ਅਕਸਰ ਹੀ ਪੰਜਾਬ ਦੀ ਪੁਲਿਸ ਆਪਣੇ ਨਿਵੇਕਲੇ ਅੰਦਾਜ਼ ਨਾਲ ਸੁਰਖ਼ੀਆਂ 'ਚ ਰਹਿੰਦੀ ਹੈ ਪਰ ਅੱਜ ਅੰਮ੍ਰਿਤਸਰ ਦੀ ਜੀ.ਆਰ.ਪੀ ਪੁਲਿਸ ਨੇ ਇਸ ਮਾਮਲੇ 'ਚ ਪੁਲਿਸ ਦੇ ਮਾੜੇ ਰਵੱਈਏ ਨੂੰ ਸੁਧਾਰਨ ਲਈ ਕਮਰ ਕੱਸ ਲਈ ਹੈ।
ਦਰਅਸਲ 90 ਸਾਲਾ ਮੁਲਕ ਰਾਜ ਅਮਰੀਕਾ ਤੋਂ ਅੰਮ੍ਰਤਿਸਰ ਸੈਰ ਕਰਨ ਲਈ ਆਇਆ ਸੀ ਜਿੱਥੇ ਉਹ ਆਪਣਾ ਬੈਗ ਸਟੇਸ਼ਨ 'ਤੇ ਹੀ ਭੁੱਲ ਗਿਆ, ਜਿਸ ਤੋਂ ਬਾਅਦ ਪੁਲਿਸ ਦੀ ਚੌਕਸੀ ਕਾਰਨ ਬੈਗ ਨੂੰ ਜ਼ਬਤ ਕਰ ਲਿਆ ਗਿਆ।
ਉਸ ਬੈਗ ਵਿਚ ਮੁਲਕ ਰਾਜ ਦੀ ਡਾਇਰੀ ਸੀ, ਜਿਸ ਵਿੱਚ ਉਸ ਦੇ ਰਿਸ਼ਤੇਦਾਰਾਂ ਦੇ ਨੰਬਰ ਸਨ ਅਤੇ ਮੁਲਕ ਰਾਜ ਨਾਲ ਫ਼ੋਨ ਕਰ ਕੇ ਸੰਪਰਕ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੀਮਤੀ ਸਮਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ।
ਸਮਾਨ ਵਿੱਚ ਦੋ ਲੈਪਟਾਪ, ਦੋ ਆਈ ਫ਼ੋਨ, 1 ਕੈਮਰਾ, ਇੱਕ ਡਾਇਰੀ ਅਤੇ ਜ਼ਰੂਰੀ ਸਾਮਾਨ ਸੀ। ਇਸ ਦੇ ਨਾਲ ਉਸ ਬਸਤੇ ਵਿਚ ਕੁੱਝ ਦਸਤਾਵੇਜ਼ ਵੀ ਸਨ ਜਿਨ੍ਹਾਂ ਦੀ ਕੀਮਤ ਤਿੰਨ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।
ਬਸਤਾ ਵਾਪਸ ਮਿਲਣ ਤੋਂ ਬਾਅਦ ਅਮਰੀਕਾ ਤੋਂ ਭਾਰਤ ਘੁੰਮਣ ਆਏ ਮੁਲਕ ਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਪੁਲਿਸ ਵੱਲੋਂ ਇਮਾਨਦਾਰੀ ਦਿਖਾਉਂਦੇ ਹੋਏ ਉਨ੍ਹਾਂ ਦਾ ਕੀਮਤੀ ਸਮਾਨ ਲੱਭ ਕੇ ਵਾਪਸ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਤਰੱਕੀ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਅੰਦਰ ਲੋਕ ਸੇਵਾ ਦੀ ਭਾਵਨਾ ਵੱਧ ਸਕੇ।
-PTC News