ਸਰਹਿੰਦ ਫ਼ਤਿਹ ਦਿਵਸ:ਕਿਵੇਂ ਮਾਧੋ ਦਾਸ ਬਣਿਆ ਗੁਰੂ ਦਾ ਬੰਦਾ
ਸਰਹਿੰਦ ਫ਼ਤਿਹ ਦਿਵਸ:ਕਿਵੇਂ ਮਾਧੋ ਦਾਸ ਬਣਿਆ ਗੁਰੂ ਦਾ ਬੰਦਾ:ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨੇ ਜਾਣ ਵਾਲੇ ਯੋਧੇ ਹਨ।ਜਿੰਨਾਂ ਨੇ ਆਪਣੇ ਜੀਵਨ ਕਾਲ ਦੇ 7 ਸਾਲ 1709 ਤੋਂ 1715 ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ।ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ।ਉਹ ਪੰਜਾਬ ਦੇ ਇਤਿਹਾਸਕ ਰੰਗ-ਮੰਚ 'ਤੇ ਅਚਾਨਕ ਇਕ ਜਾਂਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਉੱਭਰ ਕੇ ਸਾਹਮਣੇ ਆਇਆ।
ਸੋ ਬੰਦਾ ਬਹਾਦਰ ਸਿਕੰਦਰ,ਨੈਪੋਲੀਅਨ,ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਵੱਧ ਸ਼ਕਤੀਸ਼ਾਲੀ ਯੋਧਾ ਸੀ।ਬੰਦਾ ਸਿੰਘ ਬਹਾਦਰ ਨੇ ਆਪਣੀ ਚੜ੍ਹਤ ਦੌਰਾਨ ਤਿੰਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ,ਜਹਾਂਦਾਰ ਸ਼ਾਹ ਅਤੇ ਫਾਰੁਖ਼ਸ਼ੀਅਰ ਨੂੰ ਵਖਤ ਪਾਈ ਰੱਖਿਆ ਤੇ ਗ਼ਜ਼ਨਵੀ,ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ।
ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 1670 ਈ. ਨੂੰ ਜੰਮੂ-ਕਸ਼ਮੀਰ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ।ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ।ਉਸ ਦਾ ਪਿਤਾ ਰਾਮਦੇਵ (ਰਾਜਪੂਤ)ਇਕ ਸਾਧਾਰਨ ਕਿਸਾਨ ਸੀ।ਉਹ ਛੋਟੀ ਉਮਰੇ ਹੀ ਇਕ ਅੱਛਾ ਘੋੜ-ਸਵਾਰ,ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।ਬਚਪਨ 'ਚ ਲਛਮਣ ਦਾਸ ਤੋਂ ਸ਼ਿਕਾਰ ਕਰਦੇ ਵਕਤ ਇੱਕ ਪਾਪ ਗਿਆ ਲਛਮਣ ਦਾਸ ਭਾਵ ਬੰਦਾ ਸਿੰਘ ਬਹਾਦਰ ਸ਼ਿਕਾਰ ਕਰਦੇ ਵਕਤ ਇੱਕ ਹਿਰਨੀ ਨੂੰ ਮਾਰ ਦਿੱਤਾ ਤੇ ਉਸਨੂੰ ਇਹ ਵੇਖ ਕੇ ਦੁੱਖ ਹੋਇਆ ਕਿ ਜਿਸ ਹਿਰਨੀ ਉਸ ਨੂੰ ਮਾਰਿਆ ਹੈ ਉਸਦੇ ਦੋ ਨਵ ਜੰਮੇ ਬੱਚੇ ਵੀ ਮਰ ਗਏ।
ਉਸ ਦਿਨ ਤੋਂ ਲਛਮਣ ਦਾਸ ਨੇ ਸ਼ਿਕਾਰ ਖੇਡਣਾ ਬੰਦ ਕਰ ਦਿੱਤਾ ਤੇ ਸਾਧੂਆਂ ਦੀ ਜਿੰਦਗੀ ਜੀਣ ਲੱਗ ਪਿਆ ਤੇ ਲੱਛਮਣ ਦਾਸ ਨੂੰ ਮਾਧੋ ਦਾਸ ਨਾਮ ਦੇ ਨਾਲ ਜਾਣਿਆ ਜਾਣ ਲੱਗਾ।ਮਾਧੋ ਦਾਸ ਨੇ ਨਾਂਦੇੜ ਦੇ ਨੇੜੇ ਗੋਦਾਵਰੀ ਦਰਿਆ ਦੇ ਕੰਢੇ,ਇਕ ਸ਼ਾਂਤ ਤੇ ਸੁੰਦਰ ਸਥਾਨ 'ਤੇ ਆਪਣਾ ਟਿਕਾਣਾ ਬਣਾ ਲਿਆ।ਇਸ ਸਥਾਨ 'ਤੇ ਹੀ 1708 ਈ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨੂੰ ਸੰਸਸਾਰ ਵਿੱਚ ਹੋ ਰਹੇ ਅੱਤਿਆਚਾਰ ਬਾਰੇ ਜਾਣੁ ਕਰਵਾਉਣ ਲਈ ਆਏ ਤੇ ਮਾਧੋ ਦਾਸ ਸਾਧੂ ਰੂਪ ਤੋਂ ਯੋਧੇ ਰੂਪ ਨੂੰ ਜਗਾਉਣ ਲਈ ਤਾਂ ਜੋ ਸੰਸਾਰ ਵਿੱਚ ਹੋ ਰਹੇ ਅੱਤਿਆਚਾਰ ਦੀ ਅੱਗ ਨੂੰ ਠੱਲ੍ਹ ਪੈ ਸਕੇ।
ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ 'ਬਹਾਦੁਰ' ਦਾ ਖ਼ਿਤਾਬ ਬਖਸ਼ਿਆ ਅਤੇ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ ਤੇ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰਨਾਵੇਂ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ।ਗ਼ੌਰਤਲਬ ਹੈ ਕਿ ਬੰਦਾ ਬਹਾਦਰ ਦੀ ਕਮਾਨ ਹੇਠ ਕੇਵਲ 25 ਸਿੰਘਾਂ ਦੇ ਜਥੇ ਨੂੰ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨਾਲ ਟੱਕਰ ਲੈਣ ਲਈ ਪੰਜਾਬ ਵੱਲ ਭੇਜਣਾ,ਹਿੰਦੁਸਤਾਨ ਦੇ ਇਤਿਹਾਸ ਦੀ ਇਕ ਬੇਮਿਸਾਲ ਘਟਨਾ ਹੈ।
1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਖੂਨ ਡੋਲਵੀਂ ਲੜਾਈ ਵਿੱਚ ਸਰਹਿੰਦ ਦਾ ਹੁਕਮਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ।ਵਜ਼ੀਰ ਖਾਂ ਦਾ ਛੋਟਾ ਪੁੱਤਰ ਅਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ।ਵਜ਼ੀਰ ਖਾਂ ਜਿਸ ਨੇ ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾਂ ਸੀ ਉਸ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ।ਬਾਬਾ ਬੰਦਾ ਸਿੰਘ ਬਹਾਦਰ ਨੇ 1709 ਤੋਂ 1715 ਦੌਰਾਨ 10 ਤੋਂ ਵੱਧ ਯੁੱਧ ਲੜੇ ਸਨ।ਬੰਦਾ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ ਸੋ,ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ,ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ।ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਏ।ਇਤਿਹਾਸ ਦੀਆਂ ਨਜ਼ਰਾਂ ਨੇ ਉਹ ਵਕਤ ਵੀ ਵੇਖਿਆ ਹੈ ਜਦੋਂ ਲਾਹੌਰ ਤੋਂ ਲੈ ਕੇ ਜਮਨਾ ਪਾਰ ਸਹਾਰਨਪੁਰ ਤੱਕ ਦੇ ਇਲਾਕੇ 'ਤੇ ਬੰਦਾ ਬਹਾਦਰ ਦਾ ਕਬਜ਼ਾ ਸੀ।ਬੰਦਾ ਬਹਾਦਰ ਦੀ ਚੜ੍ਹਤ ਨੂੰ ਵੇਖਦਿਆਂ ਮੁਗ਼ਲ ਸਮਰਾਟ ਬਹਾਦਰ ਸ਼ਾਹ ਖੁਦ ਵੱਡੀ ਫੌਜ ਲੈ ਕੇ ਪੰਜਾਬ ਵਿੱਚ ਦਾਖਲ ਹੋਇਆ।ਮੁਗ਼ਲ ਸਮਰਾਟ ਬਹਾਦਰ ਸ਼ਾਹ ਦੀ 1712 ਨੂੰ ਲਾਹੌਰ ਵਿਖੇ ਮੌਤ ਹੋ ਗਈ।1715 ਵਿੱਚ ਕਲਾਨੌਰ ਤੇ ਬਟਾਲੇ 'ਤੇ ਕਬਜ਼ਾ ਕਰ ਲਿਆ।ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗ਼ਲ ਫੌਜ ਦੇ ਘੇਰੇ ਵਿੱਚ ਆ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ ਅਤੇ ਫਿਰ ਅਤਿ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ।ਇਹ ਜਲੂਸ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ।ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ।ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ।ਬੰਦਾ ਬਹਾਦਰ ਦੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ 'ਤੇ ਕੈਦ ਵਿੱਚ ਰੱਖਿਆ ਗਿਆ।
1715 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ।ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ।ਸੱਤ ਦਿਨਾਂ ਤੱਕ ਕਤਲੇਆਮ ਜਾਰੀ ਰਿਹਾ। 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ।ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ।ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ,ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ।
-PTCNews