ਸਿੱਖ ਅਜਾਇਬ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਆਰੰਭ; ਪ੍ਰਬੰਧਕਾਂ ਦੀ ਕੌਮ ਨੂੰ ਸਹਿਯੋਗ ਦੀ ਅਪੀਲ
ਬਲੌਂਗੀ (ਮੋਹਾਲੀ), 14 ਮਾਰਚ: ਸਿੱਖ ਹੈਰੀਟੇਜ ਐਂਡ ਕਲਚਰਲ ਸੋਸਾਇਟੀ (ਰਜਿ) ਵੱਲੋਂ ਮੋਹਾਲੀ ਦੇ ਬਲੌਂਗੀ ਸਥਿਤ ਸਿੱਖ ਅਜਾਇਬ ਘਰ ਵਿੱਚ 13 ਮਾਰਚ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਸਮਾਗਮ ਕਰਵਾਇਆ ਗਿਆ ਜਿੱਥੇ ਸੰਗਤਾਂ ਦੇ ਵੱਡੇ ਇਕੱਠ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਨੰਦ ਮਾਣਿਆ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਦੇ ਚੌਰਬਰਦਾਰ ਭਾਈ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ
ਮੌਕੇ 'ਤੇ ਸੋਸਾਇਟੀ ਵੱਲੋਂ ਇੱਥੇ ਨਵੀਂ ਬਹੁ ਮੰਜ਼ਿਲਾ ਇਮਾਰਤ ਦੀ ਉਸਾਰੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ ਜਿਸਤੋਂ ਬਾਅਦ ਪੰਜ ਪਿਆਰਿਆਂ ਵੱਲੋਂ ਅਰਦਾਸਾ ਸੋਧ ਟੱਕ ਲਗਵਾ ਕੇ ਉਸਾਰੀ ਦਾ ਕਾਰਜ ਆਰੰਭਿਆ ਗਿਆ। ਇਸ ਖ਼ਾਸ ਮੌਕੇ ਮੁੱਖ ਬੁਲਾਰਿਆਂ ਪ੍ਰਿੰ. ਬਹਾਦਰ ਸਿੰਘ ਗੋਸਲ, ਗਾਇਕ ਬਾਬੂ ਚੰਡੀਗੜ੍ਹੀਆ, ਪਲਵਿੰਦਰ ਜੀਤ ਪਾਲੀ ਅਤੇ ਆਰਟਿਸਟ ਪਰਵਿੰਦਰ ਸਿੰਘ ਵੱਲੋਂ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਖ ਵਿਰਾਸਤ ਨੂੰ ਸਾਂਭੀ ਬੈਠੇ ਇਸ ਅਜਾਇਬ ਘਰ 'ਚ ਆਪੋ ਆਪਣੀ ਸ਼ਰਧਾ ਮੁਤਾਬਿਕ ਸਹਿਯੋਗ ਪਾਉਣ ਲਈ ਪ੍ਰੇਰਿਆ ਗਿਆ।
ਸੋਸਾਇਟੀ ਦੇ ਫਾਂਊਡਰ ਅਤੇ ਪ੍ਰਧਾਨ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸਰਕਾਰ ਤੋਂ ਮਦਦ ਦੀ ਪੁਰਜ਼ੋਰ ਅਪੀਲ ਦੁਹਰਾਈ ਗਈ ਅਤੇ ਆਈ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ। ਪਰਵਿੰਦਰ ਸਿੰਘ ਵੱਲੋਂ ਪਿਛਲੇ 12 ਸਾਲਾਂ ਤੋਂ ਬਲੌਂਗੀ ਦੀ ਸ਼ਾਮਲਾਟ ਜ਼ਮੀਨ 'ਤੇ ਸਥਿਤ ਸਿੱਖ ਅਜਾਇਬ ਘਰ ਦੀ ਸੇਵਾ ਨਿਭਾਈ ਜਾ ਰਹੀ ਹੈ। ਸੰਗਤਾਂ ਦੇ ਸਹਿਯੋਗ ਅਤੇ ਆਪਣੇ ਰਿਹਾਸ਼ੀ ਪਿੰਡ ਬਟੇਰਲਾ 'ਚ ਕੁੱਝਕ ਕਮਰਿਆਂ ਨੂੰ ਕਿਰਾਏ 'ਤੇ ਚੜ੍ਹਾ ਜੋ ਪੈਸੇ ਇਕੱਠੇ ਹੁੰਦੇ ਨੇ ਉਨ੍ਹਾਂ ਨਾਲ ਪਰਵਿੰਦਰ ਸਿੰਘ ਇਸ ਅਜਾਇਬ ਘਰ ਨੂੰ ਮਾਲੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਇਹ ਵੀ ਪੜ੍ਹੋ: ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼
ਅਫ਼ਸੋਸ ਸੂਬਾ ਸਰਕਾਰ ਅਤੇ ਸੱਤਾ 'ਤੇ ਆਉਂਦੇ ਜਾਂਦੇ ਮੰਤਰੀਆਂ ਵੱਲੋਂ ਇਸ ਸ਼ਾਮਲਾਟ ਜ਼ਮੀਨ ਨੂੰ ਅਜਾਇਬ ਘਰ ਦੇ ਨਾਮ ਕਰਨ ਦੇ ਖੋਖਲੇ ਵਾਅਦਿਆਂ ਤੋਂ ਇਲਾਵਾ ਇਨ੍ਹਾਂ ਨੂੰ ਕੁੱਝ ਹਾਸਿਲ ਨਹੀਂ ਹੋਇਆ ਹੈ, ਸਰਕਾਰ ਵੱਲੋਂ ਇਸ ਸਿੱਖ ਵਿਰਸੇ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਮਾਲੀ ਸਹਾਇਤਾ ਮਿਲਣੀ ਤਾਂ ਦੂਰ ਦੀ ਗੱਲ ਹੈ। ਜਿਸ ਨੂੰ ਮੁੱਖ ਰੱਖਦਿਆਂ ਹੁਣ ਸਿੱਖ ਹੈਰੀਟੇਜ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ਵੱਲੋਂ ਮਹਿਜ਼ ਸੰਗਤਾਂ ਦੇ ਸਹਿਯੋਗ ਦੇ ਆਸਰੇ ਇਸ ਸੇਵਾ ਨੂੰ ਅਗਾਂਹ ਵਧਾਉਣ ਦੀ ਗੱਲ ਆਖੀ ਹੈ।
-PTC News