ਸੰਦੀਪ ਨੰਗਲ ਅੰਬੀਆਂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਜਲੰਧਰ : ਬੀਤੇ ਦਿਨੀਂ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਜੱਦੀ ਪਿੰਡ ਨੰਗਲ ਅੰਬੀਆਂ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੀਆਂ ਤੇ ਹੋਰ ਕਈ ਸ਼ਖ਼ਸੀਅਤਾਂ ਪੁੱਜੀਆਂ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਲੋਕਾਂ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਕੇ ਸਜ਼ਾ ਦੇਣ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। 4 ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਤੋਂ ਬਾਅਦ ਕਿਹਾ ਕਿ ਸੰਦੀਪ ਨੂੰ ਲਗਭਗ 17-18 ਗੋਲ਼ੀਆਂ ਲੱਗੀਆਂ ਸਨ। ਡਾ.ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਖੁਲਾਸਾ ਕੀਤਾ ਕਿ ਪੋਸਟਮਾਰਟਮ ਦੌਰਾਨ ਸੰਦੀਪ ਦੇ ਸਰੀਰ ਵਿਚੋਂ 4 ਗੋਲ਼ੀਆਂ ਤੇ 5 ਛਰੇ ਕੱਢੇ ਹਨ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲੀਆਂ ਖ਼ੁਰਦ ਵਿੱਚ ਇਕ ਕਬੱਡੀ ਟੂਰਨਾਮੈਂਟ ਦੌਰਾਨ ਨਾਮਵਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਥਾਣਾ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਕਹਿਣ ਵਾਲਾ ਸੰਦੀਪ ਨੰਗਲ ਅੰਬੀਆਂ ਕਬੱਡੀ ਖਿਡਾਰੀ ਸੀ। ਟੂਰਨਾਮੈਂਟ ਦੌਰਾਨ 4-5 ਅਣਪਛਾਤੇ ਗੱਡੀ ਵਿਚ ਸਵਾਰ ਹੋ ਕੇ ਅਤੇ ਸੰਦੀਪ ਨੰਗਲ ਅੰਬੀਆਂ ਉਤੇ ਫਾਈਰਿੰਗ ਕਰ ਦਿੱਤੀ ਸੀ। ਇਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ : ਨੌਕਰੀਆਂ ਹੀ ਨੌਕਰੀਆਂ; ਪੰਜਾਬ ਵਜ਼ਾਰਤ ਨੇ ਅਸਾਮੀਆਂ ਭਰਨ ਲਈ ਲਿਆ ਵੱਡਾ ਫੈਸਲਾ