ਮੁੱਖ ਖਬਰਾਂ

ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੀ ਹੋਈ ਪਛਾਣ

By Jasmeet Singh -- January 25, 2022 9:50 am -- Updated:January 25, 2022 12:41 pm

ਪਟਿਆਲਾ: ਕੱਲ ਦੁਪਹਿਰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਸ਼ਨਾਖ਼ਤ ਹੋ ਗਈ ਹੈ। ਦੱਸ ਦਈਏ ਕਿ ਇਤਿਹਾਸਕ ਕਾਲੀ ਮਾਤਾ ਮੰਦਿਰ 'ਚ ਸੋਮਵਾਰ ਦੁਪਹਿਰੇ ਇਕ ਨੌਜਵਾਨ ਸਿੱਧਾ ਜਾ ਕੇ ਮਾਂ ਦੀ ਮੂਰਤੀ ਨਾਲ ਚਿਪਕ ਗਿਆ ਸੀ। ਜਿਸ ਮਗਰੋਂ ਉਥੇ ਬੈਠੇ ਪੁਜਾਰੀ ਨੇ ਤੁਰੰਤ ਹੀ ਨੌਜਵਾਨ ਨੂੰ ਦਬੋਚ ਉਸਦਾ ਕੁਟਾਪਾ ਚਾੜ੍ਹ ਦਿੱਤਾ। ਬਾਅਦ 'ਚ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ COVID-19 ਦੇ 5778 ਨਵੇਂ ਮਾਮਲੇ ਦਰਜ, 39 ਦੀ ਮੌਤ

ਦੱਸਣਯੋਗ ਹੈ ਕੇ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਪਛਾਣ ਪਟਿਆਲਾ ਦੇ ਸਨੌਰ ਹਲਕੇ ਦੇ ਨੈਣ ਕਲਾਂ ਪਿੰਡ ਤੋਂ ਰਾਜਦੀਪ ਵਜੋਂ ਹੋਈ ਹੈ, ਜਿਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੌਜਵਾਨ ਵੱਲੋਂ ਅਜਿਹੀ ਹਰਕਤ ਕਰਨ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮ ਨੇ ਮੰਦਿਰ ਵਿੱਚ ਮੱਥਾ ਟੇਕਣ ਆਈ ਇੱਕ ਮਹਿਲਾ ਸ਼ਰਧਾਲੂ ਨੂੰ ਵੀ ਜ਼ਬਰਦਸਤੀ ਫੜ ਲਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਹਿੰਦੂ ਸੰਗਠਨ ਭੜਕ ਗਏ। ਮੰਦਿਰ ਪ੍ਰਬੰਧਕ ਕਮੇਟੀ ਦੇ ਮੁਖੀ ਗੱਗੀ ਪੰਡਿਤ ਅਤੇ ਸਾਥੀਆਂ ਨੇ ਮੰਦਿਰ ਦੇ ਬਾਹਰ ਸੜਕ ਨੂੰ ਜਾਮ ਕਰ ਦਿੱਤਾ। ਗੱਗੀ ਪੰਡਿਤ ਦਾ ਕਹਿਣਾ ਸੀ ਵੀ ਜੇਕਰ 24 ਘੰਟਿਆਂ ਦੇ ਅੰਦਰ ਪੁਲਿਸ ਸੱਚਾਈ ਨੂੰ ਸਾਹਮਣੇ ਨਾ ਲਿਆ ਪਾਈ ਤਾਂ ਉਹ ਮੰਦਿਰ ਦੇ ਬਾਹਰ ਆਤਮਦਾਹ ਕਰ ਲਵੇਗਾ।

ਇਹ ਵੀ ਪੜ੍ਹੋ: 'Stealth Omicron' ਬਣ ਗਿਆ ਨਵਾਂ ਖ਼ਤਰਾ, RT-PCR ਵੀ ਨਹੀਂ ਫੜ ਪਾਉਂਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਤੋਂ ਬਾਹਰ ਦੀਆਂ ਤਾਕਤਾਂ ਸੂਬੇ ਵਿੱਚ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ ਵਿੱਚ ਫਿਰਕੂ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ।

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਥਿਤ ਬੇਅਦਬੀ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੇਅਦਬੀ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ।

- PTC News

  • Share