ਅੱਜ ਸ਼ਾਮ ਕੈਬਨਿਟ ਸਣੇ ਅਸਤੀਫਾ ਦੇ ਸਕਦੇ ਹਨ ਇਮਰਾਨ ਖ਼ਾਨ!
ਇਸਲਾਮਾਬਾਦ : ਬੇਭਰੋਸਗੀ ਮਤਾ ਖ਼ਾਰਿਜ ਕੀਤੇ ਜਾਣ ਤੇ ਨੈਸ਼ਨਲ ਅੰਸੈਬਲੀ ਭੰਗ ਕਰਨ ਦੇ ਮੁੱਦੇ ਉਤੇ ਇਮਰਾਨ ਖ਼ਾਨ ਸੁਪਰੀਮ ਕੋਰਟ ਵਿੱਚ ਗਲਤ ਸਾਬਤ ਹੋਏ। ਇਸ ਦੇ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਅੱਜ ਦੁਪਹਿਰ 2 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਇਸ ਤੋਂ ਬਾਅਦ ਸ਼ਾਮ ਨੂੰ ਉਹ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਵਿਚਕਾਰ ਪੀਟੀਆਈ ਦੇ ਸੰਸਦ ਮੈਂਬਰ ਫੈਸਲ ਜਾਵੇਦ ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਅੱਜ ਇਮਰਾਨ ਖ਼ਾਨ ਵੱਡਾ ਐਲਾਨ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਮਰਾਨ ਮੁਲਕ ਨੂੰ ਨਿਰਾਸ਼ ਨਹੀਂ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਇਸ ਸੰਬੋਧਨ ਵਿੱਚ ਕੈਬਨਿਟ ਸਣੇ ਅਸਤੀਫਾ ਦੇ ਸਕਦੇ ਹਨ। ਪਾਕਿਸਤਾਨ ਸੁਪਰੀਮ ਵਿੱਚ ਸਿਆਸੀ ਡਰਾਮੇ ਨੂੰ ਲੈ ਕੇ 4 ਦਿਨ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵੀਰਵਾਰ ਰਾਤ ਨੂੰ ਕਿਹਾ ਬੇਭਰੋਸਗੀ ਪ੍ਰਸਤਾਵ ਖਾਰਜ ਕਰਨਾ ਅਤੇ ਨੈਸ਼ਨਲ ਅੰਸੈਬਲੀ ਭੰਗ ਕਰਨਾ, ਦੋਵੇਂ ਕੰਮ ਗ਼ੈਰਕਾਨੂੰਨੀ ਸਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਰਾਸ਼ਟਰਪਤੀ ਤੋਂ ਸੰਸਦ ਭੰਗ ਕਰਨ ਨੂੰ ਕਹਿਣ। ਅਦਾਲਤ ਦੇ ਫ਼ੈਸਲੇ ਤੋ ਬਾਅਦ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾਵਂ ਨੇ ਇਮਰਾਨ ਦੇ ਘਰ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਮਰਾਨ ਖ਼ਾਨ ਦੇ ਘਰ ਉਤੇ ਪਾਰਟੀ ਨੇਤਾਵਾਂ ਦੀ ਮੀਟਿੰਗ ਹੋਈ। ਇਸ ਵਿੱਚ ਤੈਅ ਹੋਇਆ ਹੈ ਕਿ ਪੀਟੀਆਈ ਇਸ ਨੂੰ ਕਿਸੇ ਵੀ ਸੂਰਤ ਵਿੱਚ ਟਕਰਾਅ ਦਾ ਮੁੱਦਾ ਨਹੀਂ ਬਣਾਏਗੀ। ਅਸੀਂ ਆਵਾਮ ਦੇ ਸਾਹਮਣੇ ਆਪਣਾ ਪੱਖ ਰੱਖਾਂਗੇ ਤੇ ਦੱਸਾਂਗੇ ਕਿ ਇਹ ਪੂਰੀ ਸਾਜ਼ਿਸ਼ ਵਿਰੋਧੀ ਧਿਰ ਨੇ ਅਮਰੀਕਾ ਦੇ ਨਾਲ ਮਿਲ ਕੇ ਰਚੀ ਸੀ। ਬਹੁਤ ਜ਼ਰੂਰੀ ਹੋਇਆ ਤਾਂ ਉਹ ਖਤ ਵੀ ਜਨਤਾ ਦੇ ਸਾਹਮਣੇ ਲਿਆਂਦਾ ਜਾਏਗਾ, ਜਿਸ ਨੂੰ ਇਮਰਾਨ ਨੇ 27 ਮਾਰਚ ਦੀ ਇਸਲਾਮਾਬਾਦ ਰੈਲੀ ਵਿੱਚ ਲਹਿਰਾਇਆ ਸੀ। ਇਹ ਵੀ ਪੜ੍ਹੋ : ਪੈਟਰੋਲ ਮਹਿੰਗਾ ਹੋਣ 'ਤੇ ਪ੍ਰੇਮਿਕਾ ਨੂੰ ਮਿਲਣ ਨਹੀਂ ਜਾ ਰਿਹੈ ਪ੍ਰੇਮੀ, ਸੋਸ਼ਲ ਮੀਡੀਆ 'ਤੇ ਵਾਇਰਲ