ਇੰਡੋਨੇਸ਼ੀਆ 'ਚ ਭੂਚਾਲ ਨਾਲ ਤਿੰਨ ਲੋਕਾਂ ਦੀ ਹੋਈ ਮੌਤ, ਸੱਤ ਜਖ਼ਮੀ
ਜਕਾਰਤਾ: ਇੰਡੋਨੇਸ਼ੀਆ ਦੇ ਰਿਜ਼ਾਰਟ ਦੀਪ ਬਾਲੀ 'ਚ ਭੂਚਾਲ ਦੀ ਖਬਰ ਸਾਹਮਣੇ ਆਈ ਹੈ। ਭੂਚਾਲ ਦੇ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜਖ਼ਮੀ ਹੋ ਗਏ। ਦੱਸ ਦੇਈਏ ਕਿ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ ਅਤੇ ਇਸ ਕਾਰਨ ਕਈ ਮਕਾਨ ਨੁਕਸਾਨੇ ਗਏ ਹਨ। ਮੌਸਮ ਵਿਭਾਗ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ ਤਿੰਨ ਵੱਜ ਕੇ 18 ਮਿੰਟ 'ਤੇ ਆਇਆ।
ਇਸ ਦਾ ਕੇਂਦਰ ਕਰੰਗਸੇਮ ਜ਼ਿਲ੍ਹੇ ਤੋਂ 8 ਕਿਲੋਮੀਟਰ ਉੱਤਰ ਪੱਛਮ 'ਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਏਜੰਸੀ ਅਨੁਸਾਰ ਇਸ ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਪੈਦਾ ਨਹੀਂ ਹੋਇਆ ਹੈ ਭੂਚਾਲ ਕਾਰਨ ਜ਼ਮੀਨ ਵੀ ਖਿਸਕੀ ਹੈ। ਟਾਪੂ ਦੀ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਗੇਡੇ ਦਰਮਾਦਾ ਨੇ ਕਿਹਾ ਕਿ ਭੂਚਾਲ ਕਾਰਨ ਜਾਨ -ਮਾਲ ਦੇ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜ਼ਖਮੀਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਕਈਆਂ ਦੇ ਸਿਰ ਦੇ ਜ਼ਖਮ ਹਨ। ਭੂਚਾਲ ਕਾਰਨ ਪਹਾੜੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ -ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ -ਘੱਟ ਤਿੰਨ ਪਿੰਡਾਂ ਦੀ ਪਹੁੰਚ ਬੰਦ ਹੋ ਗਈ।
ਦਰਮਾਦਾ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਨਜ਼ਦੀਕ ਕਰਾਂਗਸੇਮ ਵਿੱਚ ਮਲਬਾ ਡਿੱਗਣ ਨਾਲ ਇੱਕ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਇਹ ਟਾਪੂ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯਾਤਰੀਆਂ ਲਈ ਵੀਰਵਾਰ ਨੂੰ ਖੋਲ੍ਹਿਆ ਗਿਆ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਇੱਥੇ 6.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ ਘੱਟ 105 ਲੋਕ ਮਾਰੇ ਗਏ ਸਨ ਅਤੇ ਲਗਭਗ 6,500 ਜ਼ਖਮੀ ਹੋਏ ਸਨ।
-PTC News