adv-img
ਮੁੱਖ ਖਬਰਾਂ

27 ਅਕਤੂਬਰ ਤੋਂ ਸੁਰਜੀਤ ਹਾਕੀ ਟੂਰਨਾਮੈਂਟ 'ਚ ਹੋਣਗੇ ਦਿਲਚਸਪ ਮੁਕਾਬਲੇ

By Ravinder Singh -- October 22nd 2022 05:42 PM

ਜਲੰਧਰ : ਭਾਰਤ ਦਾ ਵੱਕਾਰੀ 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 27 ਅਕਤੂਬਰ ਤੋਂ ਸਥਾਨਕ ਸੁਰਜੀਤ ਐਸਟ੍ਰੋਟਰਫ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਖੇਡਿਆ ਜਾਵੇਗਾ। ਡਿਪਟੀ ਕਮਿਸ਼ਨਰ, ਜਲੰਧਰ ਜਸਪ੍ਰੀਤ ਸਿੰਘ, ਆਈ.ਏ.ਐਸ. ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਅਨੁਸਾਰ ਸੁਸਾਇਟੀ ਵੱਲੋਂ ਹਰ ਸਾਲ ਟੂਰਨਾਮੈਂਟ ਦਾ ਆਯੋਜਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਓਲੰਪੀਅਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ ਕੀਤਾ ਜਾਂਦਾ ਹੈ। ਜਿਨ੍ਹਾਂ ਦੀ 7 ਜਨਵਰੀ 1984 ਨੂੰ ਜਲੰਧਰ ਦੇ ਨੇੜੇ ਇਕ ਘਾਤਕ ਕਾਰ ਦੁਰਘਟਨਾ 'ਚ ਜਾਨ ਚਲੀ ਗਈ ਸੀ।

27 ਅਕਤੂਬਰ ਤੋਂ ਸੁਰਜੀਤ ਹਾਕੀ ਟੂਰਨਾਮੈਂਟ 'ਚ ਹੋਣਗੇ ਦਿਲਚਸਪ ਮੁਕਾਬਲੇਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਪਿਛਲੇ 31 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਤੇ ਪ੍ਰਮੁੱਖ ਮਹਾਰਤਨਾ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦਾ ਮੁੱਖ ਟਾਈਟਲ ਸਪਾਂਸਰ ਹੋਵੇਗਾ। ਯੂਐਸਏ ਦੇ ਪ੍ਰਸਿੱਧ ਖੇਡ ਪ੍ਰਮੋਟਰ ਤੇ ਗਾਖਲ ਬ੍ਰਦਰਜ਼ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ 5.00 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ ਜਦਕਿ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਨਕਦ ਇਨਾਮ ਬਲਵਿੰਦਰ ਸਿੰਘ ਸੈਣੀ, ਚੇਅਰਮੈਨ, ਐਨਆਰਆਈ ਸਭਾ, ਜਰਮਨੀ ਵੱਲੋਂ ਆਪਣੇ ਪਿਤਾ ਸਵਰਗੀ ਸੂਬੇਦਾਰ ਸਰੂਪ ਸਿੰਘ ਸੈਣੀ ਦੀ ਯਾਦ 'ਚ ਦਿੱਤੇ ਜਾਣਗੇ। ਪਿਛਲੇ ਸਾਲਾਂ ਦੀ ਤਰ੍ਹਾਂ ਹੀ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਮਹਿੰਦਰ ਸਿੰਘ ਟੁੱਟ ਮੈਮੋਰੀਅਲ ਐਵਾਰਡ ਦੇ ਨਾਲ 51,000 ਰੁਪਏ ਦਾ ਨਕਦ ਇਨਾਮ ਵੀ ਮਿਲੇਗਾ ਜੋ ਰਨਬੀਰ ਸਿੰਘ ਰਾਣਾ ਟੁੱਟ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ।

ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਨੁਸਾਰ ਇਹ ਟੂਰਨਾਮੈਂਟ ਨਾਕਆਊਟ-ਕਮ-ਲੀਗ ਦੇ ਆਧਾਰ 'ਤੇ ਖੇਡਿਆ ਜਾਵੇਗਾ, ਜਿਸ 'ਚ ਪਿਛਲੇ ਸਾਲ ਦੀ ਚੈਂਪੀਅਨ ਇੰਡੀਅਨ ਰੇਲਵੇਜ਼ ਨਵੀਂ ਦਿੱਲੀ ਤੇ ਉਪ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਸਮੇਤ ਪੰਜਾਬ ਪੁਲਿਸ, ਇੰਡੀਅਨ ਨੇਵੀ ਮੁੰਬਈ, ਏ.ਐਸ.ਸੀ. ਬੈਂਗਲੁਰੂ, ਇੰਡੀਅਨ ਆਇਲ ਮੁੰਬਈ, ਪੰਜਾਬ ਨੈਸ਼ਨਲ ਬੈਂਕ ਨਵੀਂ ਦਿੱਲੀ, ਆਰਮੀ ਇਲੈਵਨ ਦਿੱਲੀ, ਬੀ.ਐਸ.ਐਫ. ਜਲੰਧਰ, ਇੰਡੀਅਨ ਏਅਰ ਫੋਰਸ ਦਿੱਲੀ, ਸੀ.ਆਰ.ਪੀ.ਐਫ. ਦਿੱਲੀ, ਸੀ.ਏ.ਜੀ. ਦਿੱਲੀ, ਈ.ਐਮ.ਈ. ਜਲੰਧਰ, ਆਰਮੀ (ਗਰੀਨ) ਬੈਂਗਲੁਰੂ, ਆਰ.ਸੀ.ਐਫ. ਕਪੂਰਥਲਾ ਅਤੇ ਕੋਰ ਆਫ ਸਿਗਨਲਜ਼ ਦੀਆਂ 16 ਚੋਟੀ ਦੀਆਂ ਹਾਕੀ ਟੀਮਾਂ ਇਸ 9 ਦਿਨਾਂ ਰੋਜ਼ ਹਾਕੀ ਟੂਰਨਾਮੈਂਟ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ 6 ਟੀਮਾਂ ਨੂੰ ਸਿੱਧੇ ਲੀਗ ਪੜਾਅ 'ਚ ਪ੍ਰਵੇਸ਼ ਦਿੱਤਾ ਹੈ। ਉਨ੍ਹਾਂ ਨੂੰ 2 ਪੂਲ 'ਚ ਵੰਡਿਆ ਗਿਆ ਹੈ, ਜਦੋਂ ਕਿ 2 ਟੀਮਾਂ ਨਾਕਆਊਟ ਪੜਾਅ ਵਿਚੋਂ ਲੀਗ ਲਈ ਕੁਆਲੀਫਾਈ ਕਰਨਗੀਆਂ। ਹਰੇਕ ਪੂਲ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ 3 ਨਵੰਬਰ ਨੂੰ ਖੇਡੇ ਜਾਣਗੇ ਜਦੋਂ ਕਿ ਫਾਈਨਲ 4 ਨਵੰਬਰ, 2022 ਨੂੰ ਖੇਡਿਆ ਜਾਵੇਗਾ। ਹਾਕੀ ਦੀ ਖੇਡ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਲਾਇ ਦਖ਼ਲ ਬੁਲਕੁਲ ਮੁਫ਼ਤ ਹੋਵੇਗਾ।

27 ਅਕਤੂਬਰ ਤੋਂ ਸੁਰਜੀਤ ਹਾਕੀ ਟੂਰਨਾਮੈਂਟ 'ਚ ਹੋਣਗੇ ਦਿਲਚਸਪ ਮੁਕਾਬਲੇਸੁਸਾਇਟੀ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਅਨੁਸਾਰ ਟੂਰਨਾਮੈਂਟ ਦੇ ਸੈਮੀਫਾਈਨਲ ਤੇ ਫਾਈਨਲ ਮੈਚਾਂ ਦਾ ਕ੍ਰਮਵਾਰ 3 ਅਤੇ 4 ਨਵੰਬਰ, 2022 ਨੂੰ ਪੀ.ਟੀ.ਸੀ. ਅਤੇ ਪੀ.ਟੀ.ਸੀ. ਗੋਲਡ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਲਾਈਵ ਟੈਲੀਕਾਸਟ ਅਮਰੀਕਾ ਤੇ ਕੈਨੇਡਾ 'ਚ ਵੀ ਪ੍ਰਸਾਰਿਤ ਕੀਤਾ ਜਾਵੇਗਾ। ਆਲ ਇੰਡੀਆ ਰੇਡੀਓ, ਜਲੰਧਰ ਫਾਈਨਲ ਮੈਚ ਦੀ 'ਬਾਲ-ਟੂ-ਬਾਲ' ਰਨਿੰਗ ਕੁਮੈਂਟਰੀ ਵੀ ਰੀਲੇਅ ਕਰੇਗਾ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਹੋਏ ਨਤਮਸਤਕ

ਟੂਰਨਾਮੈਂਟ ਦੇ ਅਵੇਤਨੀ ਸਕੱਤਰ ਰਣਬੀਰ ਸਿੰਘ ਟੁੱਟ ਨੇ ਦੱਸਿਆ ਕਿ “ਸੁਰਜੀਤ ਹਾਕੀ ਦੇਖੋ ਤੇ ਆਲਟੋ ਕਾਰ ਤੇ ਹੋਰ ਇਨਾਮ ਜਿੱਤੋ ” ਦੇ ਨਾਅਰੇ ਤਹਿਤ ਇਸ ਸਾਲ ਵੀ ਸੁਰਜੀਤ ਹਾਕੀ ਸੁਸਾਇਟੀ ਨੇ ਦਰਸ਼ਕਾਂ ਨੂੰ ਮਾਰੂਤੀ ਆਲਟੋ ਕਾਰ ਦੇ ਨਾਲ-ਨਾਲ ਮੋਟਰ ਸਾਈਕਲ, ਫਰਿੱਜ ਅਤੇ ਐਲ.ਸੀ.ਡੀਜ਼ ਆਦਿ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਮੁੱਖ ਮੰਤਵ ਹਾਕੀ ਦੀ ਸਾਡੀ ਰਾਸ਼ਟਰੀ ਖੇਡ ਲਈ ਆਮ ਲੋਕਾਂ 'ਚ ਵਧੇਰੇ ਰੁਚੀ ਪੈਦਾ ਕਰਨਾ ਤੇ ਆਕਰਸ਼ਿਤ ਕਰਨਾ ਹੈ। ਦਰਸ਼ਕਾਂ ਨੂੰ 4 ਨਵੰਬਰ, 2022 ਤੱਕ ਸਟੇਡੀਅਮ ਦੇ ਐਂਟਰੀ ਗੇਟ 'ਤੇ ਰੋਜ਼ਾਨਾ ਲੱਕੀ ਕੂਪਨ ਮਿਲਣਗੇ ਜਦਕਿ ਖਿਡਾਰੀਆਂ ਨੂੰ ਉਨ੍ਹਾਂ ਦੇ ਪਹਿਲੇ ਮੈਚ ਵਾਲੇ ਦਿਨ ਲੱਕੀ ਕੂਪਨ ਜਾਰੀ ਕੀਤੇ ਜਾਣਗੇ। ਆਲਟੋ ਕਾਰ ਅਤੇ ਹੋਰ ਇਨਾਮਾਂ ਲਈ ਲੱਕੀ ਡਰਾਅ ਫਾਈਨਲ ਮੈਚ ਤੋਂ ਤੁਰੰਤ ਬਾਅਦ 4 ਨਵੰਬਰ, 2022 ਨੂੰ ਕੱਢਿਆ ਜਾਵੇਗਾ।

-PTC News

 

  • Share