Student Murder : ਖਮਾਣੋਂ 'ਚ 19 ਸਾਲਾਂ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮਾਨਵਿੰਦਰ ਸਿੰਘ
Student Murder in Punjab : ਫਤਿਹਗੜ੍ਹ ਸਾਹਿਬ ਦੇ ਖਮਾਣੋਂ (Khamano Murder) ਵਿਖੇ 19 ਸਾਲਾ ਨੌਜਵਾਨ ਦੀ ਉਸ ਦੇ ਹੀ ਦੋਸਤਾਂ ਵੱਲੋਂ ਤੇਜਧਾਰ ਹਥਿਆਰ ਕਿਰਚਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਕਰਨ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਨਵਿੰਦਰ ਸਿੰਘ ਖਮਾਣੋਂ ਦੇ ਨਿੱਜੀ ਸਕੂਲ 'ਚ ਪੜ੍ਹਦਾ ਸੀ ਤੇ ਉਸਦੇ ਹੀ ਸਾਥੀਆਂ ਨੇ ਕਿਸੇ ਗੱਲ ਤੋਂ ਹੋਈ ਮਾਮੂਲੀ ਤਕਰਾਰ ਹੋ ਜਾਣ ਤੋਂ ਬਾਅਦ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਮ੍ਰਿਤਕ ਮਾਨਵਿੰਦਰ ਸਿੰਘ ਦੇ ਚਾਚਾ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਖੰਨਾ ਰੋਡ 'ਤੇ ਖੜਾ ਸੀ, ਜਿਵੇਂ ਹੀ ਉਨ੍ਹਾਂ ਨੂੰ ਰੌਲਾ ਪੈਣ ਦੀ ਆਵਾਜ਼ ਸੁਣੀ ਤਾਂ ਉਹ ਘਟਨਾ ਸਥਾਨ 'ਤੇ ਪਹੁੰਚਿਆ, ਜਿੱਥੇ ਉਸ ਦੇ ਭਤੀਜੇ ਨੂੰ ਉਸ ਦੇ ਦੋਸਤਾਂ ਨੇ ਕਿਰਚ ਨਾਲ ਹਮਲਾ ਕਰਕੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਉਧਰ, ਭਾਵੇਂ ਥਾਣਾ ਖਮਾਣੋਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਪ੍ਰੰਤੂ ਪੁਲਿਸ ਨੇ ਮਾਨਵਿੰਦਰ ਸਿੰਘ ਨੂੰ ਕਤਲ ਕਰਨ ਵਾਲੇ ਨੌਜਵਾਨਾਂ ਖਿਲਾਫ਼ ਬਿਆਨ ਦਰਜ ਕਰਕੇ ਮਾਮਲਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
- PTC NEWS