Fazilika News : ਨਸ਼ੇ ਕਾਰਨ ਪੰਜਾਬ 'ਚ ਇੱਕ ਹੋਰ ਨੌਜਵਾਨ ਦੀ ਮੌਤ, ਬਾਂਹ 'ਤੇ ਲੱਗਿਆ ਮਿਲਿਆ ਟੀਕਾ
Drug Overdose Death In Punjab : ਪਿੰਡ ਟਿਵਾਣਾ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਆਕਾਸ਼ਦੀਪ ਉਰਫ਼ ਬੋਬੀ ਪੁੱਤਰ ਚੀਮਣ ਸਿੰਘ (ਉਮਰ 25 ਸਾਲ) ਵਜੋਂ ਹੋਈ, ਜੋ ਕਿ ਟਿਵਾਣਾ ਕਲਾਂ ਥਾਣਾ ਸਿਟੀ ਜਲਾਲਾਬਾਦ ਦਾ ਵਾਸੀ ਸੀ।
ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤਾਂ ਵੇਖਿਆ ਕਿ ਮ੍ਰਿਤਕ ਦੀ ਬਾਂਹ 'ਤੇ ਟੀਕਾ ਲੱਗਿਆ ਹੋਇਆ ਸੀ, ਜਿਸਤੋਂ ਪਤਾ ਚਲਿਆ ਕਿ ਚਿੱਟੇ ਦਾ ਨਸ਼ਾ ਕੀਤਾ ਸੀ।
ਪੁਲਿਸ ਵੱਲੋਂ ਕੀਤੀ ਗਈ ਪ੍ਰਾਰੰਭਿਕ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਚਾਰ ਵਿਅਕਤੀਆਂ ਨੇ ਆਕਾਸ਼ਦੀਪ ਨੂੰ ਨਸ਼ਾ ਪ੍ਰਦਾਨ ਕੀਤਾ ਸੀ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿੱਚ ਮੁੱਕਦਮਾ ਨੰ: 87 ਮਿਤੀ 29.06.2025 ਅਧੀਨ ਧਾਰਾ 105 BNS ਤਹਿਤ ਜਰਨੈਲ ਸਿੰਘ, ਹਰਜਿੰਦਰ ਸਿੰਘ, ਛਿੰਦਰਪਾਲ ਅਤੇ ਸਵਰਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਸ ਮਾਮਲੇ 'ਚ ਮੁੱਖ ਮੁਲਜ਼ਮ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰੀ ਤੋਂ ਬਾਅਦ, ਜਰਨੈਲ ਸਿੰਘ ਨੇ ਪੁਲਿਸ ਦੀ ਕਸਟਡੀ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਉਸਨੂੰ ਦੁਬਾਰਾ ਕਾਬੂ ਕਰਦੇ ਸਮੇਂ ਉਸਦੇ ਪੈਰ ਵਿੱਚ ਗੋਲੀ ਲੱਗੀ, ਜਿਸਨੂੰ ਮੁੜ ਕਾਬੂ ਕਰ ਲਿਆ ਗਿਆ।
- PTC NEWS