TarnTaran Drug Death : ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਘਰ ਉਜਾੜਿਆ, ਸੜਕ 'ਤੇ ਡਿੱਗਿਆ ਮਿਲਿਆ 28 ਸਾਲਾ ਨੌਜਵਾਨ
Tarntaran News : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ (Khemkaran) ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ (Drug Overdose) ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਨ ਸੁਖਪਾਲ ਸਿੰਘ ਉਰਫ ਜੱਜ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਘਰਿਆਲਾ ਵਜੋਂ ਹੋਈ ਹੈ।
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮ੍ਰਿਤਕ ਦੀ ਮਾਂ ਗੁਰਮੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਰਿਆਲਾ ਵਿਖੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਇਥੋਂ ਦਾ ਪੁਲਿਸ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕਰਦਾ, ਜਿਸ ਕਰਕੇ ਇਹ ਨਸ਼ਾ ਹੁਣ ਨਿੱਕੇ-ਨਿੱਕੇ ਮੁੰਡੇ ਵੀ ਵੇਚਣ ਲੱਗ ਪਏ ਹਨ।
ਉਹਨਾਂ ਕਿਹਾ ਕਿ ਸਰਕਾਰ ਤਾਂ ਕਹਿੰਦੀ ਸੀ ਕਿ ਨਸ਼ਾ ਬੰਦ ਕੀਤਾ ਜਾਵੇਗਾ, ਪਰ ਨਸ਼ਾ ਤਾਂ ਬੰਦ ਨਹੀਂ ਹੋਇਆ ਉਹਨਾਂ ਦੇ ਘਰ ਦਾ ਅੱਜ ਬੂਹਾ ਬੰਦ ਹੋ ਗਿਆ ਹੈ। ਉਥੇ ਹੀ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰਾਂ ਨੇ ਰੋ-ਰੋ ਕੇ ਦੱਸਿਆ ਕਿ ਸ਼ਰੇਆਮ ਪਿੰਡ ਘਰਿਆਲਾ 'ਚ ਨਸ਼ੇ ਦੀ ਵਿਕਰੀ ਚੱਲ ਰਹੀ ਹੈ। ਇਥੇ ਧਰਤੀ ਤ੍ਰਿਸ਼ਨਾ ਦਾ ਵਿਹੜੇ ਵਿੱਚ, ਮੱਖੀ ਵਾਲੇ ਵਿਹੜੇ ਵਿੱਚ ਅਤੇ ਪਿੰਡ ਦੇ ਵਿੱਚਕਾਰ ਬਣੀ ਇੱਕ ਪੀਰਾਂ ਦੀ ਜਗ੍ਹਾ ਲਾਗੇ ਵੀ ਇਹ ਨਸ਼ਾ ਧੜੱਲੇ ਨਾਲ ਵਿਕਦਾ ਹੈ, ਪਰ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਕਿਹਾ ਕਿ ਅਸੀਂ ਆਪਣੇ ਪੁੱਤ ਦਾ ਸਸਕਾਰ ਕਰ ਦੇਵਾਂਗੇ ਪਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦੇਵਾਂਗੇ, ਕਿਉਂਕਿ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਸਗੋਂ ਸਾਨੂੰ ਖੱਜਲ-ਖੁਆਰ ਹੀ ਕਰਨਾ ਹੈ।
ਇਹ ਵੀ ਪੜ੍ਹੋ...
- PTC NEWS