Jalandhar News : NRI ਨੇ ਸਿਰ 'ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਪਤਨੀ ਸਮੇਤ ਵਿਦੇਸ਼ 'ਚ ਰਹਿੰਦਾ ਪੂਰਾ ਪਰਿਵਾਰ
Jalandhar News : ਜਲੰਧਰ ਦਿਹਾਤੀ ਦੇ ਨੂਰਮਹਿਲ ਨੇੜਲੇ ਪਿੰਡ ਬੈਨਾਪੁਰ ਵਿਖੇ 85 ਸਾਲਾ ਐਨਆਰਆਈ ਸੇਵਾ ਸਿੰਘ ਪੁੱਤਰ ਸੋਹਣ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸੇਵਾ ਸਿੰਘ ਸਿਹਤ ਖਰਾਬ ਹੋਣ ਕਾਰਨ ਕਰੀਬ 4 ਸਾਲ ਪਹਿਲਾਂ ਵਿਦੇਸ਼ ਤੋਂ ਆਪਣੇ ਪਿੰਡ ਬੈਨਾਪੁਰ ਵਾਪਸ ਆਇਆ ਸੀ ਅਤੇ ਇਕੱਲਾ ਰਹਿ ਰਿਹਾ ਸੀ।
ਉਸਦੀ ਪਤਨੀ, ਪੁੱਤਰ ਅਤੇ ਬੇਟੀ ਵਿਦੇਸ਼ ਵਿੱਚ ਹੀ ਰਹਿੰਦੇ ਹਨ। ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਸ਼ਾਮ 7.29 ਵਜੇ ਸੇਵਾ ਸਿੰਘ ਨੇ ਕਮਰੇ ਵਿੱਚ ਲੱਗੀ ਫੋਟੋ ਦੇ ਅੱਗੇ ਮੱਥਾ ਟੇਕਿਆ ਅਤੇ ਕਮਰੇ ਵਿੱਚ 6.6 ਬੋਰ ਦੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪਿਸਤੌਲ ਵਿੱਚ ਸਿਰਫ਼ ਇੱਕ ਗੋਲੀ ਸੀ ,ਜਿਸ ਨਾਲ ਖੁਦਕੁਸ਼ੀ ਕੀਤੀ।
ਘਰ ਵਿੱਚ ਖਾਣਾ ਬਣਾਉਣ ਆਈ ਔਰਤ ਪੂਜਾ ਨੇ ਦੱਸਿਆ ਕਿ ਜਦੋਂ ਉਹ ਰਾਤ ਕਰੀਬ 8:30 ਵਜੇ ਖਾਣਾ ਬਣਾਉਣ ਲਈ ਘਰ ਆਈ ਤਾਂ ਉਸਨੇ ਦੇਖਿਆ ਕਿ ਐਨਆਰਆਈ ਸੇਵਾ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਉਹ ਲਗਭਗ 20 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਹੀ ਹੈ। ਉਹ ਨੇੜੇ ਹੀ ਇੱਕ ਘਰ ਵਿੱਚ ਰਹਿੰਦੀ ਹੈ। ਉਹ ਘਰ ਦੀ ਦੇਖਭਾਲ ਕਰਦੀ ਹੈ ਅਤੇ ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਦੀ ਹੈ। ਸੇਵਾ ਸਿੰਘ ਲਈ ਤਿੰਨੋਂ ਟਾਇਮ ਦਾ ਖਾਣਾ ਵੀ ਓਹੀ ਬਣਾਉਂਦੀ ਸੀ। ਮੌਕੇ 'ਤੇ ਪਹੁੰਚੇ ਨੂਰਮਹਿਲ ਪੁਲਿਸ ਇੰਚਾਰਜ ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਤ ਕਰੀਬ 1:30 ਵਜੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਸੇਵਾ ਸਿੰਘ ਇੰਗਲੈਂਡ ਵਿੱਚ BMW ਕੰਪਨੀ ਵਿੱਚ ਮੈਨੇਜਰ ਸੀ। ਇਸ ਵੇਲੇ ਉਹ ਲਗਭਗ 15 ਮਰਲੇ ਦੇ ਘਰ ਵਿੱਚ ਰਹਿ ਰਿਹਾ ਸੀ। ਘਰ ਵਿੱਚ ਖਾਣਾ ਬਣਾਉਣ ਵਾਲੀ ਪੂਜਾ ਨੇ ਇੰਗਲੈਂਡ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਅਨੁਸਾਰ ਅੰਤਿਮ ਸਸਕਾਰ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਫਿਲਹਾਲ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਫਿਲੌਰ ਦੇ ਸਰਕਾਰੀ ਹਸਪਤਾਲ ਭੇਜਿਆ ਜਾ ਰਿਹਾ ਹੈ।
- PTC NEWS